ਗੁਰਮੀਤ ਸਿੰਘ*
ਛੋਟੀ ਤੇਹਰੀ ਪਾਣੀ ਦੇ ਨੇੜੇ ਮਿਲਣ ਵਾਲਾ ਨਿੱਕਾ ਜਿਹਾ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿਚ ‘ਲਿਟਲ ਟਰਨ’ (Little Tern) ਅਤੇ ਹਿੰਦੀ ਵਿਚ ਕੁਰਰਿਕਾ ਕਹਿੰਦੇ ਹਨ। ਸਟ੍ਰਨੁਲਾ ਆਲਬੀਫਰੌਂਜ਼ (Sternula albifrons) ਇਸ ਦਾ ਵਿਗਿਆਨਕ ਨਾਮ ਹੈ। ਇਸ ਨੂੰ ਹਰੀਕੇ ਅਤੇ ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਵੀ ਥੋੜ੍ਹੀ
ਗਿਣਤੀ ਵਿਚ ਵੇਖਣ ਬਾਰੇ ਰਿਪੋਰਟਾਂ ਹਨ। ਛੋਟੀ ਤੇਹਰੀ ਦਾ ਸਿਰ ਉੱਪਰੋਂ ਕਾਲਾ ਅਤੇ ਚੌੜਾ ਮੱਥਾ ਚਿੱਟਾ ਹੁੰਦਾ ਹੈ ਜੋ ਕਿ ਅੱਖਾਂ ਦੇ ਉੱਪਰ ਤਕ ਹੁੰਦਾ ਹੈ। ਪ੍ਰਜਨਣ ਦੇ ਵੇਲੇ ਛੋਟੀ ਤੇਹਰੀ ਦੀਆਂ ਲੱਤਾਂ ਪੀਲੀਆਂ ਜਾਂ ਗੂੜ੍ਹੀਆਂ ਸੰਤਰੀ ਭਾਹ ਵਾਲੀਆਂ ਹੁੰਦੀਆਂ ਹਨ ਅਤੇ ਕਾਲੀ ਨੋਕ ਵਾਲੀ ਚੁੰਝ ਪੀਲੇ ਰੰਗ ਦੀ ਹੁੰਦੀ ਹੈ। ਇਹ ਹੋਰ ਤੇਹਰੀਆਂ ਤੋਂ ਆਕਾਰ ਵਿਚ ਸਭ ਤੋਂ ਛੋਟੀ ਹੁੰਦੀ ਹੈ। ਇਸ ਦੀ ਪੂਛ ਛੋਟੀ ਅਤੇ ਢਿੱਡ ਦਾ ਹੇਠਲਾ ਪਾਸਾ ਚਿੱਟਾ ਹੁੰਦਾ ਹੈ। ਸਰਦੀਆਂ ਦੇ ਮੌਸਮ ਵਿਚ ਚੁੰਝ ਦਾ ਰੰਗ ਕਾਲਾ ਜਿਹਾ ਹੋ ਜਾਂਦਾ ਹੈ ਅਤੇ ਲੱਤਾਂ ਦਾ ਰੰਗ ਵੀ ਘਸਮੈਲਾ ਪੀਲਾ ਹੋ ਜਾਂਦਾ ਹੈ। ਛੋਟੀ ਤੇਹਰੀ ਦੀਆਂ ਪੰਜ ਉੱਪ-ਪ੍ਰਜਾਤੀਆਂ ਏਸ਼ੀਆ, ਅਫ਼ਰੀਕਾ, ਯੂਰੋਪ ਅਤੇ ਆਸਟਰੇਲੀਆ ਦੇ ਵੱਡੇ ਖੇਤਰਾਂ ਵਿਚ ਮਿਲਦੀਆਂ
ਹਨ। ਕਈ ਥਾਵਾਂ ’ਤੇ ਇਹ ਸਥਾਨਕ ਹਨ, ਪਰ ਬਹੁਤੀਆਂ ਥਾਵਾਂ ’ਤੇ ਇਹ ਸਰਦ ਰੁੱਤ ਵਿਚ ਪਰਵਾਸ ਕਰਦੀਆਂ ਹਨ।
ਪੰਜਾਬ ਵਿਚ ਕਈ ਕਿਸਮ ਦੀਆਂ ਤੇਹਰੀਆਂ ਵੱਖੋ-ਵੱਖ ਸਮੇਂ ’ਤੇ ਨਜ਼ਰ ਆਉਂਦੀਆਂ ਰਹਿੰਦੀਆਂ ਹਨ। ਛੋਟੀ ਤੇਹਰੀ ਪਾਣੀ ਦੇ ਸੋਮਿਆਂ ਵਿਚੋਂ ਛੋਟੀਆਂ ਮੱਛੀਆਂ, ਕੀੜੇ-ਮਕੌੜੇ, ਨਿੱਕੇ ਝੀਂਗੇ ਆਦਿ ਲੱਭ ਕੇ ਖਾਂਦੀ ਹੈ। ਇਹ ਅਕਸਰ ਘੱਟ ਡੂੰਘੇ ਪਾਣੀ ਵਿਚੋਂ ਆਪਣਾ ਭੋਜਨ ਕੱਢਣ ਨੂੰ ਪਹਿਲ ਦਿੰਦੀ ਹੈ। ਇਹ ਆਪਣੇ ਸ਼ਿਕਾਰ ਨੂੰ ਪਾਣੀ ਵਿਚੋਂ ਫੜਨ ਲਈ ਆਪਣੇ ਸਰੀਰ ਨੂੰ ਸਮਤਲ ਰੱਖ ਕੇ ਚੁੰਝ ਅੱਗੇ-ਪਿੱਛੇ ਘੁਮਾਉਂਦੀ ਹੈ। ਇਹ ਪਾਣੀ ਦੀ ਸਤਹ ਦੇ ਕੋਲ ਉੱਡਦਿਆਂ ਹੋਇਆਂ ਮੌਕਾ ਵੇਖ ਕੇ ਪਾਣੀ ਵਿਚ ਡੁੱਬਕੀ ਮਾਰ ਕੇ ਵੀ ਸ਼ਿਕਾਰ ਕਾਬੂ ਕਰ ਲੈਂਦੀ ਹੈ। ਛੋਟੀ ਤੇਹਰੀ ਟੋਲੀਆਂ ਵਿਚ ਰਹਿ ਕੇ ਪ੍ਰਜਨਣ ਕਰਦੀ ਹੈ। ਨਰ ਅਤੇ ਮਾਦਾ ਦੋਵੇਂ ਮਿਲ ਕੇ ਆਲ੍ਹਣਾ ਬਣਾਉਂਦੇ ਹਨ ਅਤੇ ਚੂਚਿਆਂ ਦੀ ਦੇਖਭਾਲ ਵੀ ਮਿਲਜੁਲ ਕੇ ਕਰਦੇ ਹਨ। ਆਲ੍ਹਣਾ ਬਰੇਤੀਆਂ ਦੇ ਉੱਪਰ, ਕੰਢਿਆਂ ’ਤੇ ਖਿੱਲਰੀ ਬਜਰੀ ਜਾਂ ਕਦੇ-ਕਦਾਈਂ ਕਿਸੇ ਬੂਝੇ ਜਾਂ ਝਾੜੀ ਦੀ ਓਟ ਵਿਚ ਹੁੰਦਾ ਹੈ। ਆਲ੍ਹਣਾ ਘਾਹ ਪੱਤੀਆਂ ਅਤੇ ਸਿੱਪੀਆਂ ਦੇ ਟੁਕੜਿਆਂ ਦਾ ਹੋ ਸਕਦਾ ਹੈ।
ਮਾਦਾ ਅਕਸਰ ਤਿੰਨ ਆਂਡੇ ਦਿੰਦੀ ਹੈ ਅਤੇ ਆਲ੍ਹਣੇ ਵਿਚ ਆਂਡਿਆਂ ਦੀ ਦੇਖਭਾਲ ਨਰ ਅਤੇ ਮਾਦਾ ਦੋਹਾਂ ਵੱਲੋਂ 22 ਦਿਨਾਂ ਤਕ ਕੀਤੀ ਜਾਂਦੀ ਹੈ। ਆਂਡਿਆਂ ਵਿਚੋਂ ਨਿਕਲਣ ਦੇ 17 ਤੋਂ 19 ਦਿਨਾਂ ਬਾਅਦ ਬੱਚੇ ਆਲ੍ਹਣਾ ਛੱਡ ਦਿੰਦੇ ਹਨ। ਛੋਟੀ ਤੇਹਰੀ ਨੂੰ ਹਮੇਸ਼ਾਂ ਜੰਗਲੀ ਬਿੱਲੀਆਂ, ਗਿੱਦੜਾਂ, ਕੁੱਤਿਆਂ ਅਤੇ ਸ਼ਿਕਾਰੀ ਪੰਛੀਆਂ ਤੋਂ ਖ਼ਤਰਾ ਰਹਿੰਦਾ ਹੈ। ਪਾਣੀ ਦੇ ਕੰਢਿਆਂ ’ਤੇ ਇਨ੍ਹਾਂ ਪੰਛੀਆਂ ਦੇ ਆਲ੍ਹਣਿਆਂ ਨੂੰ ਹਮੇਸ਼ਾਂ ਪਾਣੀ ਦੀਆਂ ਛੱਲਾਂ ਤੋਂ ਵੀ ਖ਼ਤਰਾ ਰਹਿੰਦਾ ਹੈ। ਵੱਖ-ਵੱਖ ਥਾਵਾਂ ’ਤੇ ਆਉਣ ਵਾਲੇ ਪਾਣੀ ਦੇ ਉਤਾਰ-ਚੜ੍ਹਾਅ ਦੇ ਕਾਰਨ ਇਨ੍ਹਾਂ ਪੰਛੀਆਂ ਦੇ ਆਲ੍ਹਣੇ ਦੇ ਖੇਤਰਾਂ ਅਤੇ ਖੁਰਾਕ ਦੇ ਖੇਤਰਾਂ ਨੂੰ ਵੀ ਨੁਕਸਾਨ ਪੁੱਜਦਾ ਹੈ। ਵਿਗਿਆਨਕ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਕਈ ਸਥਾਨਕ ਵਿਗਾੜਾਂ ਅਤੇ ਪਾਣੀ ਦੇ ਸੋਮਿਆਂ ਦੇ ਕੰਢਿਆਂ ’ਤੇ ਮਨੁੱਖੀ ਦਖਲ ਦੇ ਬਾਵਜੂਦ ਇਸ ਪੰਛੀ ਨੂੰ ਕੋਈ ਗੰਭੀਰ ਖ਼ਤਰਾ ਨਹੀਂ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910