ਕਰਨੈਲ ਸਿੰਘ ਸੋਮਲ
ਸੁੰਦਰਤਾ ਕਦੋਂ ਝਾਤ ਝਾਤ ਨਹੀਂ ਕਰਦੀ? ਹਮੇਸ਼ਾਂ ਕਰਦੀ ਹੈ। ਇਸ ਸੰਸਾਰ ਵਿੱਚ ਸਭ ਕੁਝ ਹੈ ਬਸ਼ਰਤੇ ਜ਼ਰਾ ਲੱਭੀਏ। ਰਾਹ ਤੁਰਦੇ ਨੱਕ ਉੱਤੇ ਰੁਮਾਲ ਰੱਖਣ ਦੀ ਲੋੜ ਪਵੇ ਤਾਂ ਸੋਚੀਦਾ ਹੈ ਕਿ ਨੇੜੇ ਪਲੀਤ ਪਾਣੀ ਵਹਿੰਦਾ ਹੋਊ, ਜਾਂ ਸਫ਼ਾਈ ਖੁਣੋ ਰਿਹਾ ਜ਼ਮੀਨ ਦਾ ਕੋਈ ਟੁਕੜਾ। ਜੇਕਰ ਨੱਕ ਸੋਅ ਦੇਵੇ ਕਿ ਖ਼ੁਸ਼ਬੂ ਪ੍ਰਤੀਤ ਹੋ ਰਹੀ ਹੈ ਤਾਂ ਢੁੰਡਾਊ ਨਜ਼ਰਾਂ ਇਸ ਦੇ ਸੋਮੇ ਵੱਲ ਸ਼ਾਇਦ ਹੀ ਵੇਖਣ। ਹੋ ਸਕਦੈ ਵਾੜ ਵਿੱਚੋਂ ਕੋਈ ਸੋਹਣਾ ਫੁੱਲ ਸੁਗੰਧ ਬਿਖੇਰ ਰਿਹਾ ਹੋਵੇ। ਸੰਭਵ ਹੈ ਨਜ਼ਦੀਕ ਕੋਈ ਫੁਲਵਾੜੀ ਹੋਵੇ। ਵਿਸਾਖ-ਜੇਠ ਦਾ ਮਹੀਨਾ ਹੋਵੇ, ਜ਼ਰਾ ਉੱਤੇ ਵੇਖੋ ਕਿਤੇ ਅਮਲਤਾਸ ਦਾ ਬਿਰਖ ਆਪਣੇ ਬਸੰਤੀ ਫੁੱਲਾਂ ਦਾ ਟੂਣਾ ਨਾ ਕਰ ਰਿਹਾ ਹੋਵੇ। ਆਪੇ ਤੋਂ ਬਾਹਰ ਹੋ ਹੋ ਖਿੜਿਆ ਹੁੰਦੈ, ਲੱਗਦੈ ਸਾਰਾ ਬਿਰਖ ਹੀ ਸ਼ੁੱਧ ਸੋਨੇ ਦਾ ਬਣਿਆ ਹੋਵੇ। ਨਾਲੇ ਨਸ਼ਿਆਉਂਦੀ ਗੰਧ ਵੀ ਲੁਟਾ ਰਿਹਾ ਹੋਵੇ। ਅਜਿਹੇ ਸੁਹਜ ਵੱਲੋਂ ਬੇਪਰਵਾਹ ਤੁਰ ਕੇ ਕਿਤੇ ਮਿਹਣਾ ਨਾ ਖੱਟ ਲਈਏ। ਉਂਜ, ਸਾਡੀਆਂ ਬਿਰਤੀਆਂ ਖੁੰਢੀਆਂ ਹੋਣ ਦੇ ਨਾਲ ਨਾਲ ਸੋਤੇ ਵਿੱਚ ਵੀ ਰਹਿਣ ਲੱਗੀਆਂ ਹਨ। ਕੋਈ ਤੇਜ਼ ਸੈਂਟ ਲਾਈਂ ਕੋਲੋਂ ਲੰਘੇ ਤਾਂ ਆਖੀਦਾ ਹੈ ‘ਕਿੰਨਾ ਸੋਹਣਾ ਸੈਂਟ ਹੈ, ਦੂਰ ਤੱਕ ਲਪਟਾਂ ਮਾਰਦਾ ਹੈ।’ ਬਾਜ਼ਾਰ ਦੇ ਬੁੰਦਲਾਏ ਅਸੀਂ ਮਸਨੂਈ ਜ਼ਿੰਦਗੀ ਜੀਅ ਰਹੇ ਹਾਂ। ਮੁਲੰਮਾ ਸਾਨੂੰ ਧੂਹ ਪਾਉਂਦਾ ਹੈ। ਇਹੋ ਕਾਰਨ ਹੋਣੈ ਕਿ ਅਸੀਂ ਸੁੰਦਰਤਾ ਦੇ ਮਾਅਨੇ ਹੀ ਭੁੱਲ ਗਏ ਹਾਂ। ਸਾਡੀਆਂ ਖ਼ੁਆਰੀਆਂ ਬਹੁਤਾ ਅਜਿਹੇ ਭੰਬਲਭੂਸਿਆਂ ਕਰਕੇ ਵੀ ਹਨ।
ਜਿੱਥੇ ਜਿੱਥੇ ਜ਼ਿੰਦਗੀ ਦਾ ਪਸਾਰਾ ਹੈ, ਕਰਤਾਰੀ ਅੰਸ਼ਾਂ ਦੀ ਝਲਕ ਹੈ, ਉੱਥੇ ਉੱਥੇ ਸੁੰਦਰਤਾ ਡਲਕਾਂ ਮਾਰਦੀ ਵਿਖਾਈ ਦਿੰਦੀ ਹੈ। ਕੁਦਰਤ ਦੇ ਦ੍ਰਿਸ਼ਾਂ ਦੀ ਮਿਸਾਲ ਲਈਏ। ਕੋਈ ਕਹੇਗਾ ਗੋਆ ਜਾ ਕੇ ਸਮੁੰਦਰ ਵਿੱਚ ਸੂਰਜ ਡੁੱਬਦਾ ਵੇਖੋ। ਕੈਨੇਡਾ ਜਾਓ ਤਾਂ ਨਿਆਗਰਾ ਫਾਲਜ਼ ਵੇਖੋ। ਸ਼ਿਮਲੇ ਜਾ ਕੇ ਬਰਫ਼ ਪੈਂਦੀ ਦੇ ਨਜ਼ਾਰੇ ਮਾਣੋ। ਅਜਿਹੀ ਸੂਚੀ ਲੰਮੀ ਹੋ ਸਕਦੀ ਹੈ, ਪਰ ਅਸੀਂ ਕੁਦਰਤ ਤੋਂ ਕਦੇ ਦੂਰ ਨਹੀਂ ਹੁੰਦੇ। ਸਾਡੇ ਵੀ ਸੂਰਜ ਨਿੱਤ ਚੜ੍ਹਦਾ ਤੇ ਛਿਪਦਾ ਹੈ। ਅਸਲ ਵਿੱਚ ਅਸੀਂ ਹਰ ਪਲ ਕੁਦਰਤ ਦੇ ਗ਼ਿਲਾਫ਼ ਵਿੱਚ ਹੁੰਦੇ ਹਾਂ। ਪਲ ਪਲ ਰੰਗ ਬਦਲਦੀ ਕੁਦਰਤ ਦੀ ਵਚਿੱਤਰਤਾ ਹਰ ਕੋਈ, ਜਿੱਥੇ ਵੀ ਹੈ, ਜੇ ਉਸ ਦੀ ਅੱਖ ਖੁੱਲ੍ਹੀ ਹੈ, ਮਾਣ ਸਕਦਾ ਹੈ।
ਸਾਡੀਆਂ ਰੁੱਤਾਂ ਵੀ ਸੋਹਣੀਆਂ, ਮੌਸਮ ਵੀ ਕੀਲਵੇਂ, ਕਾਲੀਆਂ ਰਾਤਾਂ ਤਾਰਿਆਂ ਭਰੀਆਂ, ਜਾਣੋ ਅਸਮਾਨੀਂ ਜੁਗਨੂੰ ਜਗਮਗਾਉਂਦੇ ਹਨ। ਚਾਨਣੀਆਂ ਰਾਤਾਂ ਜਦੋਂ ਅੰਬਰੀ-ਖੇਤ ਦੀ ਕਪਾਹ ਭਰਪੂਰ ਖਿੜੀ ਹੁੰਦੀ ਹੈ। ਵਗਦੀ ਹਵਾ, ਕਦੇ ਪੁਰਾ, ਕਦੇ ਪਛਵਾ; ਕਦੇ ਤੇਜ਼, ਕਦੇ ਇੰਨੀ ਹੌਲੀ ਕਿ ‘ਭੋਰਾ ਵੀ ਨਹੀਂ’ ਦਾ ਝਾਉਲਾ ਪੈਂਦਾ ਹੈ। ਇਹੋ ਹਵਾ ਕਦੇ ਰੁਮਕਦੀ, ਕਦੇ ਸ਼ੂਕਦੀ, ਖਿੜਕੀਆਂ ਖੜਕਾਉਂਦੀ ਤੇ ਕੱਪੜੇ ਉਡਾਉਂਦੀ ਹੈ। ਬਹੁਤਾ ਪਿਆਰ ਹੋਵੇ ਤਾਂ ਆਪਣੇ ਪਿਆਰੇ ਦੇ ਚਿਹਰੇ ਉੱਤੇ ਨਿੱਕੇ-ਨਿੱਕੇ ਪ੍ਰਭਾਵ ਵੇਖਦਿਆਂ ਰੱਜ ਨਹੀਂ ਆਉਂਦਾ। ਮਾਂ ਆਪਣੇ ਨਿਆਣੇ ਨੂੰ ਸੁੱਤੇ ਨੂੰ, ਜਾਗਦੇ ਨੂੰ, ਅਨੰਤ ਮੁਦਰਾਵਾਂ ਵਿੱਚ ਵੇਖਦੀ ਹਰ ਪਲ ਨਿਹਾਲ ਹੋਈ ਜਾਂਦੀ ਹੈ। ਉਸ ਦਾ ਆਪਾ ਬਾਲ ਜਾਂ ਬਾਲੜੀ ਦੇ ਰੋਮ ਰੋਮ ਵਿੱਚ ਰਮਿਆ ਹੁੰਦਾ ਹੈ। ਬੱਚੇ ਦੀ ਹੋਂਦ ਉਸ ਦੇ ਸਾਹਾਂ ਵਿੱਚ ਸਮਾਈ ਹੁੰਦੀ ਹੈ। ਇਹ ਸਾਰੇ ਸੁੰਦਰਤਾ ਦੇ ਅਨੰਤ ਪੱਤਰੇ ਹਨ ਜਿੰਨੇ ਮਰਜ਼ੀ ਪੜ੍ਹਦੇ ਜਾਵੋ। ਰਵਾਂ ਚੱਲਦੇ ਤੰਦਰੁਸਤ ਘੋੜੇ ਦੀ ਟੱਪ-ਟੱਪ ਨਿਰਾ ਸੰਗੀਤ ਹੀ ਤਾਂ ਹੁੰਦਾ ਹੈ। ਭਾਰੇ ਗੱਡੇ ਨੂੰ ਜੁੱਤੇ ਬਲਦ ਜਦੋਂ ਸਿਰ ਹਿਲਾ ਹਿਲਾ ਜ਼ੋਰ ਮਾਰ ਤੁਰਦੇ ਹਨ, ਉਹ ਦ੍ਰਿਸ਼ ਵੀ ਵੇਖਣ ਵਾਲੇ ਨੂੰ ਬੰਨ੍ਹ ਕੇ ਰੱਖਦਾ ਹੈ। ਥਕੇਵਾਂ ਲਾਹੁੰਦੇ, ਅਲਸਾਉਂਦੇ ਕਿਰਤੀ; ਜ਼ਮੀਨ ਦੇ ਨਕਸ਼ ਸੰਵਾਰਦੇ ਕਿਸਾਨ, ਬੀਜਾਂ ਦਾ ਜੰਮਣਾ, ਖੇਤਾਂ ਦਾ ਭਰੇ ਭਰੇ ਜਾਪਣਾ, ਵਾਹੇ ਖੇਤਾਂ ਵਿੱਚ ਨੰਗੇ ਪੈਰੀਂ ਤੁਰਨਾ, ਅੰਬਰਾਂ ਉੱਤੇ ਬੱਦਲ, ਕਦੇ ਕਾਲੇ-ਕੱਟ ਤੇ ਕਦੇ ਕਪਾਹੀ। ਕਦੇ ਬਨਸਪਤੀ ਝੂਮਦੀ, ਕਦੇ ਚੁਫੇਰੇ ਪਸਰੀ ਸ਼ਾਂਤੀ। ਬਿਰਖਾਂ ਦੇ ਪੁਰਾਣੇ ਝੜਦੇ ਪੱਤੇ ਤੇ ਨਾਲ ਪਪੀਸੀਆਂ ਨਿਕਲਣ ਨੂੰ ਕਾਹਲੀਆਂ। ਸੁੰਦਰਤਾ ਕਿੱਥੇ ਨਹੀਂ ਹੈ।
ਉਸ ਸਿਰਜਕ ਦਾ ਸਾਜਿਆ ਮਨੁੱਖ ਜਦੋਂ ਕਰਤਾਰੀ ਅਵਸਥਾ ਵਿੱਚ ਹੁੰਦਾ ਹੈ, ਉਸ ਦੀਆਂ ਘਾੜਤਾਂ ਦਾ ਕੀ ਲੇਖਾ। ਉਸ ਦੀ ਹਰ ਛੁਹ ਨਾਲ ਕਲਾ ਧੂੜੀ ਜਾਂਦੀ ਹੈ। ਸੁਆਣੀ ਰਸੋਈ ਵਿੱਚ ਆਪਣਾ ਹੁਨਰ ਵਿਖਾਉਂਦੀ ਪਰਿਵਾਰ ਦੇ ਜੀਆਂ ਦੀ ਭੁੱਖ ਨੂੰ ਅਨੋਖੀ ਤ੍ਰਿਪਤੀ ਵਿੱਚ ਬਦਲਦੀ ਹੈ। ਇਸ ਸਿਰਜਣਾ ਵਿੱਚ ਚਾਉ ਤੇ ਖ਼ੁਸ਼ੀ ਲਪਟਾਂ ਮਾਰਦੇ ਹਨ। ਵੇਖਣ ਵਾਲੇ ਦੀ ਅੱਖ ਚਾਹੀਦੀ ਹੈ, ਸੁਆਣੀ ਦਾ ਸਿਰਜਿਆ ਸੁਹਜ ਹਰ ਕਾਸੇ ਵਿੱਚੋਂ ਝਲਕਦਾ ਹੈ। ਕਿਰਸਾਣ ਦੇ ਸੰਵਾਰੇ, ਬੀਜੇ ਤੇ ਜੰਮੇ ਖੇਤ ਵੀ ਸੁੰਦਰਤਾ ਦਾ ਮੁਜੱਸਮਾ ਹੁੰਦੇ ਹਨ। ਨਿੱਖਰੀ ਸੋਚ ਤੇ ਉੱਚੀਆਂ ਕਦਰਾਂ ਨਾਲ ਰੁਸ਼ਨਾਇਆ ਇਨਸਾਨ ਭਾਵੇਂ ਉਹ ਪੁਰਖ ਹੋਵੇ ਜਾਂ ਇਸਤਰੀ, ਉਸ ਦੀ ਹਰ ਤੱਕਣੀ ਤੇ ਹਰ ਹਰਕਤ ਵਿੱਚ ਸੁੰਦਰਤਾ ਸਮਾਈ ਹੁੰਦੀ ਹੈ।
ਸੱਸ ਕਹਿੰਦੀ ਹੈ ਵਹੁਟੀ ਜਦੋਂ ਘਰ ਵਿੱਚ ਕੰਮ ਕਰਦੀ ਫਿਰਦੀ ਹੈ, ਸਾਰਾ ਘਰ ਝੰਮ ਝੰਮ ਕਰਦਾ ਹੈ। ਕੰਮ ਬੰਦੇ ਦਾ ਭਾਗ, ਕਿਰਤ ਸੁਹਜ ਦਾ ਸੋਮਾ, ਸ਼ੀਰੀਂ ਬੋਲ-ਬਾਣੀ ਰਿਸ਼ਤਿਆਂ ਨੂੰ ਨਿੱਘ ਦਿੰਦੀ। ਸਾਡੇ ਕਿੱਸਾਕਾਰ ਆਪਣੀਆਂ ਨਾਇਕਾਵਾਂ ਦੀ ਸੁੰਦਰਤਾ ਚਿਤਰਦੇ ਉਸ ਦੇ ਹਰ ਅੰਗ ਨੂੰ ਸਿਫ਼ਤਾਉਣ ਲਈ ਅਲੰਕਾਰਾਂ ਦੇ ਤੋੜੇ ਝਾੜਦੇ ਰਹੇ ਹਨ। ਉਹ ਕਦੇ ਆਪਣਾ ਘਰ ਬੰਨ੍ਹਦੀ ਸਧਾਰਨ ਸੁਆਣੀ ਦੀ ਸੁੰਦਰਤਾ ਵੱਲ ਧਿਆਨ ਦਿੰਦੇ। ਜਿੱਥੇ ਜ਼ਿੰਦਗੀ ਪ੍ਰਕਾਸ਼ਮਾਨ ਹੁੰਦੀ ਹੈ, ਬਲ ਭਰਦੀ ਹੈ, ਸਿਰਜਣਾ ਦੀ ਰਾਸ ਪੈਂਦੀ ਹੈ, ਉੱਥੇ ਸੁੰਦਰਤਾ ਹੀ ਤਾਂ ਹੈ। ਸੁੰਦਰਤਾ ਤੇ ਸਿਰਜਣਾ ਇੱਕੋ ਬੂਟੇ ਦੇ ਰੰਗ ਹਨ। ਸਰ੍ਹੋਂ ਦਾ ਖੇਤ ਖਿੜਿਆ ਹੁੰਦਾ ਹੈ। ਉਹ ਇਸ ਕਰਕੇ ਵੀ ਸੋਹਣਾ ਲੱਗਦਾ ਹੈ ਕਿ ਚੰਗੇ ਫ਼ਲ ਪੈਣ ਦੀ ਉਮੀਦ ਪੈਦਾ ਕਰਦਾ ਹੈ।
ਬੰਦੇ ਦੀ ਚਮੜੀ ਦਾ ਰੰਗ, ਉਸ ਦੇ ਨੈਣ-ਨਕਸ਼ਾਂ ਦੀ ਬਣਤਰ ਨਾਲ ਸੁੰਦਰਤਾ ਨੂੰ ਕਿਵੇਂ ਵੀ ਜੋੜਿਆ ਨਹੀਂ ਜਾ ਸਕਦਾ ਹੈ। ਮਨੁੱਖ ਹੋਵੇ ਜਾਂ ਕੋਈ ਪਸ਼ੂ-ਪੰਛੀ ਓਨੀ ਦੇਰ ਹੀ ਸੋਹਣਾ ਲੱਗਦੈ ਜਿੰਨੀ ਦੇਰ ਜੀਵਤ ਤੇ ਹਰਕਤ ਵਿੱਚ ਹੈ। ਸੋਹਣੇ ਚੁਗਿਰਦੇ ਦੀ ਜੜਤ ਹੋਵੇ ਤਾਂ ਵਸਤਾਂ ਵੀ ਸੋਹਣਾ ਪ੍ਰਭਾਵ ਦਿੰਦੀਆਂ ਹਨ। ਪਿਆਰ, ਹਮਦਰਦੀ, ਪ੍ਰਸ਼ੰਸਾ, ਉਤਸ਼ਾਹ, ਉੱਦਮ, ਭਲਾਈ ਆਦਿ ਭਾਵਾਂ ਵਿੱਚ ਜਿਊਂਦੇ ਲੋਕਾਂ ਦਾ ਸੁਹੱਪਣ ਸ਼ਬਦਾਂ ਵਿੱਚ ਬਿਆਨਿਆ ਨਹੀਂ ਜਾ ਸਕਦਾ। ਭ੍ਰਿਸ਼ਟ, ਜ਼ਾਲਮ, ਨਿਰਦਈ, ਦੰਭੀ, ਅੱਗਾਂ ਲਾਉਣ ਤੇ ਬੇਕਸੂਰ ਜਾਨਾਂ ਨੂੰ ਲੂਹਣ ਵਾਲੇ ਕਰੂਪਤਾ ਨਾਲ ਭਰੇ ਹੁੰਦੇ ਹਨ। ਬਾਜ਼ਾਰੀ ਵਸਤਾਂ ਦੇ ਇਸ਼ਤਿਹਾਰ ਸੁੰਦਰਤਾ ਨੂੰ ਜਿਵੇਂ ਵਿਖਾਉਂਦੇ ਹਨ, ਉਹ ਵਣਜ-ਵਪਾਰ ਦੇ ਲਾਹੇ ਹਿਤ ਹੁੰਦੀ ਹੈ। ਜ਼ੁਲਮ ਅਤੇ ਅਨਿਆਂ ਦੇ ਖਿਲਾਫ਼ ਲੜਦੇ ਰੋਹੀਲੇ, ਚੇਤਨਾ ਦੀ ਜੋਤ ਜਗਾਉਣ ਵਾਲੇ ਇਨਸਾਨ, ਗੁਣਾਂ ਤੇ ਸੰਭਵਨਾਵਾਂ ਦੇ ਪਾਰਖੂ ਅਜਬ ਸੁਹਜ ਦੇ ਮਾਲਕ ਹੁੰਦੇ ਹਨ।
ਅਸੀਂ ਹੁਣ ਭੜਕੀਲੇ ਤੇ ਉਤੇਜਨਾ ਨੂੰ ਹਵਾ ਦਿੰਦੇ ਜਹਾਨ ਵਿੱਚ ਰਹਿ ਰਹੇ ਹਾਂ। ਬਾਬਾ ਫ਼ਰੀਦ ਜੀ ਤਾਕੀਦ ਕਰਦੇ ਹਨ ‘ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ॥’ ਵਾਹ, ਕਿੰਨੇ ਸੁੰਦਰ ਹਨ ਇਹ ਸ਼ਬਦ!
ਸੰਪਰਕ: 98141-57137