ਸੁਖਪਾਲ ਸਿੰਘ ਗਿੱਲ
ਹਾੜ੍ਹੀ ਦੀ ਮੁੱਖ ਫ਼ਸਲ ਕਣਕ ਵਿੱਚੋਂ ਕਿਰਤ, ਕਲਾ ਅਤੇ ਕਿੱਤੇ ਦਾ ਸੁਮੇਲ ਹੋ ਕੇ ਕੁੱਪ ਬਣਦਾ ਹੈ। ਤੂੜੀ ਨੂੰ ਚੁਫੇਰੇ ਤੋਂ ਕੱਜ ਕੇ ਗੁੰਬਦ ਦੀ ਸ਼ਕਲ ਵਿੱਚ ਬਣਾਇਆ ਕੁੱਪ ਹਾੜ੍ਹੀ ਦਾ ਆਖਰੀ ਪੜਾਅ ਹੁੰਦਾ ਹੈ। ਤੂੜੀ ਨੂੰ ਸੰਭਾਲਣ ਲਈ ਬਣਾਏ ਕੁੱਪ ਅੱਜਕੱਲ੍ਹ ਘੱਟ ਹੀ ਨਜ਼ਰ ਆਉਂਦੇ ਹਨ। ਪਹਿਲਾਂ ਤਾਂ ਹਰ ਪਿੰਡ ਵਿੱਚ ਦੂਰੋਂ ਹੀ ਕੁੱਪ ਬਣੇ ਨਜ਼ਰ ਆਉਣ ਲੱਗ ਜਾਂਦੇ ਸਨ।
ਕੁੱਪ ਬਣਾਉਣ ਕਲਾ ਦਾ ਉੱਤਮ ਨਮੂਨਾ ਹੈ। ਕੁੱਪ ਬਣਾਉਣ ਲਈ ਸਭ ਤੋਂ ਪਹਿਲਾਂ 5 -10 ਮੀਟਰ ਜਗ੍ਹਾ ਦੇ ਘੇਰੇ ਨੂੰ ਪੈਂਡੀਆਂ ਥੰਮ੍ਹੀਆਂ ਗੱਡ ਕੇ ਇੱਕ ਕੁਆਣਾ ਬਣਾਇਆ ਜਾਂਦਾ ਹੈ ਜਿਸ ਵਿੱਚ ਜਿੱਕ-ਜਿੱਕ ਕੇ ਤੂੜੀ ਪਾਈ ਜਾਂਦੀ ਹੈ। ਫਿਰ ਇਸ ਨੂੰ ਬਗੜ ਜਾਂ ਵਾਣ ਦੀ ਬੇੜ ਨਾਲ ਘੇਰਾ ਦੇ ਕੇ ਕਾਨਿਆਂ ਜਾਂ ਰਾਏ ਦੀਆਂ ਛਿਟੀਆਂ ਨਾਲ ਲਪੇਟ ਕੇ ਪਰਤ-ਦਰ- ਪਰਤ ਗੋਲ ਕਰਕੇ ਤੂੜੀ ਪਾਈ ਜਾਂਦੀ ਹੈ। ਕੁੱਪ ਵਿੱਚ ਲਗਭਗ 100- 200 ਕੁਇੰਟਲ ਤੂੜੀ ਆ ਜਾਂਦੀ ਹੈ। ਇਹ ਤੂੜੀ ਸਾਲ ਭਰ ਲਈ ਪਸ਼ੂਆਂ ਦਾ ਚਾਰਾ ਬਣ ਜਾਂਦੀ ਹੈ।
ਕੁੱਪ ਬੰਨ੍ਹਣ ਵਾਲੇ ਕਿਰਤੀ ਕਲਾਕਾਰੀ ਨਾਲ ਭਰੇ ਹੋਏ ਹੁੰਦੇ ਸਨ। ਕੁੱਪ ਬਣਾਉਣਾ ਆਮ ਆਦਮੀ ਦੇ ਵੱਸ ਵਿੱਚ ਨਹੀਂ ਸੀ। ਕਿਸਾਨ ਦੇ ਕਿੱਤੇ ਤੋਂ ਕੁੱਪ ਤੱਕ ਕਿਰਤ ਅਤੇ ਕਲਾ ਦੀ ਸਪੱਸ਼ਟ ਝਲਕ ਦਿਖਦੀ ਹੈ। ਕੁੱਪ ਬੰਨ੍ਹਣ ਤੋਂ ਬਾਅਦ ਕਿਸਾਨ ਹਲਕਾ ਜਿਹਾ ਮਹਿਸੂਸ ਕਰਦਾ ਸੀ। ਸਮੇਂ ਦੇ ਬਦਲੇ ਵੇਗ ਨੇ ਕੁੱਪ ਬਣਾਉਣ ਦੀ ਕਲਾ ਬਹੁਤ ਮੱਧਮ ਕਰ ਦਿੱਤੀ ਹੈ। ਕੁੱਪ ਦੀ ਜਗ੍ਹਾ, ਲਟੈਣਾ ਅਤੇ ਟੀਨਾ ਨੇ ਲੈ ਲਈ ਹੈ। ਅੱਜ ਕੁੱਪ ਬਣਾਉਣ ਵਾਲਾ ਬੰਦਾ ਅਤੇ ਵਰਤਿਆ ਜਾਣ ਵਾਲਾ ਕੱਚਾ ਮਾਲ ਔਖਾ ਹੀ ਲੱਭਦਾ ਹੈ। ਫ਼ਸਲ ਅਤੇ ਰੱਜੇ ਪੁੱਜੇ ਪਿੰਡ ਦਾ ਅੰਦਾਜ਼ਾ ਕੁੱਪਾਂ ਤੋਂ ਲੱਗ ਜਾਂਦਾ ਸੀ। ਸੱਭਿਆਚਾਰਕ ਪੱਖ ਤੋਂ ਕੁੱਪ ਇਉਂ ਰੂਪਮਾਨ ਹੁੰਦਾ ਹੈ :
ਵਿਹੜੇ ਤਾਂ ਸਾਡੇ ਤੂੜੀ ਦਾ ਕੁੱਪ ਏ
ਲਾੜਾ ਤਾਂ ਸੱਦਦਾ ਪਿਓ ਨੂੰ ਪੁੱਤ ਏ
ਇਹ ਗੱਲ ਬਣਨੀ ਨਹੀਂ
ਲੱਜਿਓ ਲੱਜ ਤੁਹਾਨੂੰ ਨਹੀਂ।
ਇੱਕ ਹੋਰ ਸਿੱਠਣੀ ਦੇਣ ਸਮੇਂ ਕੁੱਪ ਦੀ ਸੱਭਿਆਚਾਰਕ ਵੰਨਗੀ ਇਸ ਤਰ੍ਹਾਂ ਮਿਲਦੀ ਹੈ:
ਕਾਲੀ ਮਿੱਟੀ ਦਾ ਫੇਰ ਦਿਓ ਪੋਚਾ
ਨਾਨਕਿਆਂ ਦਾ ਕੁੱਪ ਬੰਨ੍ਹ ਦਿਓ
ਕਈ ਵਾਰ ਗਰਮੀਆਂ ਦੇ ਦਿਨਾਂ ਵਿੱਚ ਕੁੱਪ ਨੂੰ ਅੱਗ ਲੱਗ ਜਾਂਦੀ ਸੀ ਜੋ ਕਈ ਦਿਨ ਧੁਖਦੀ ਰਹਿੰਦੀ ਸੀ। ਕੁੱਪ ਬੰਨ੍ਹਣ ਨੂੰ 2-3 ਦਿਨ ਲੱਗ ਜਾਂਦੇ ਸਨ। ਕੁੱਪ ਬੰਨ੍ਹਣਾ ਬਹੁਤ ਹੀ ਮੁਸ਼ੱਕਤ ਭਰਿਆ ਕੰਮ ਹੁੰਦਾ ਸੀ। ਜਿਸ ਵਿੱਚ ਨਿਆਣੇ- ਸਿਆਣੇ ਹੱਥ ਵਟਾਉਂਦੇ ਰਹਿੰਦੇ ਸਨ। ਅੱਜ ਸਾਡੇ ਕਿੱਤੇ ਸਮੇਂ ਦੇ ਹਾਣੀ ਬਣ ਗਏ ਹਨ। ਪਿਛਲੀਆਂ ਮਿਹਨਤਾਂ ਅਤੇ ਕਲਾਵਾਂ ਸਾਡੇ ਕਿੱਤੇ ਵਿੱਚੋਂ ਮਨਫ਼ੀ ਹੋ ਚੁੱਕੀਆਂ ਹਨ। ਕਣਕ ਬੀਜਣ ਤੋਂ ਕੁੱਪ ਬੰਨ੍ਹਣ ਤੱਕ ਦਾ ਸਫ਼ਰ ਕਿੱਤਾ, ਕਿਰਤ ਅਤੇ ਕਲਾ ਦੀ ਮੂੰਹ ਬੋਲਦੀ ਤਸਵੀਰ ਹੁੰਦੀ ਸੀ। ਅੱਜ ਕਿਤੇ-ਕਿਤੇ ਤਾਂ ਕੁੱਪ ਦਿਖਦੇ ਹਨ, ਪਰ ਬਹੁਤਾਤ ਵਿੱਚ ਕੁੱਪ ਗਾਇਬ ਹੋ ਚੁੱਕੇ ਹਨ। ਇਸ ਵਰਤਾਰੇ ਨੇ ਸਾਡੀ ਕਿਰਤ ਕਲਾ ਅਤੇ ਕਿੱਤੇ ਨੂੰ ਢਾਅ ਲਾਈ ਹੈ।
ਸੰਪਰਕ: 98781-11445