ਗੁਰਮੀਤ ਸਿੰਘ*
ਕਾਲਾ ਗਲ ਬਿਜੜੇ ਬਾਰੇ ਪੰਜਾਬੀ ਚੰਗੀ ਜਾਣਕਾਰੀ ਰੱਖਦੇ ਹਨ। ਇਸ ਨੂੰ ਅੰਗਰੇਜ਼ੀ ਵਿੱਚ ‘ਬਲੈਕ ਬਰੈਸਟਿਡ ਵੀਵਰ ਬਰਡ’ (Black breasted weaver bird) ਅਤੇ ਹਿੰਦੀ ਵਿੱਚ ‘ਸਰਬੋ ਬੈਆ’ ਕਹਿੰਦੇ ਹਨ। ਬਿਜੜੇ ਦੀ ਇਹ ਪ੍ਰਜਾਤੀ ਭਾਰਤੀ ਉਪ-ਮਹਾਂਦੀਪ ਦੇ ਉੱਤਰੀ ਦਰਿਆਈ ਮੈਦਾਨਾਂ ਵਿੱਚ ਰਹਿੰਦੀ ਹੈ। ਇਹ ਬਹੁਤ ਸੋਹਣਾ ਆਲ੍ਹਣਾ ਬੁਣਨ ਵਾਲਾ ਪੰਛੀ ਹੈ। ਪੰਜਾਬ ਵਿੱਚ ਪਾਈ ਜਾਣ ਵਾਲੀ ਇਹ ਪ੍ਰਜਾਤੀ ਭਾਰਤ ਵਿੱਚ ਬਿਜੜੇ ਦੀਆਂ ਚਾਰ ਪ੍ਰਜਾਤੀਆਂ ਵਿੱਚੋਂ ਇੱਕ ਹੈ। ਇਹ ਚੀਨ, ਭਾਰਤ, ਬੰਗਲਾਦੇਸ਼, ਭੂਟਾਨ, ਨੇਪਾਲ, ਪਾਕਿਸਤਾਨ ਵਿੱਚ ਵੀ ਮਿਲਦੇ ਹਨ। ਇਹ ਪੰਛੀ 15 ਸੈਂਟੀਮੀਟਰ ਲੰਮਾ ਹੁੰਦਾ ਹੈ। ਪ੍ਰਜਣਨ ਵੇਲੇ ਨਰ ਬਿਜੜੇ ਦੇ ਸਿਰ ’ਤੇ ਬਹੁਤ ਹੀ ਸੋਹਣਾ ਚਮਕਦਾਰ ਸੁਨਹਿਰੀ-ਪੀਲਾ ਤਾਜ ਰਹਿੰਦਾ ਹੈ। ਇਸ ਦਾ ਚਿੱਟਾ ਗਲਾ ਅਤੇ ਗਲੇ ਉੱਪਰ ਕਾਲੀ ਪੱਟੀ ਹੁੰਦੀ ਹੈ, ਜੋ ਇਸ ਨੂੰ ਸਰੀਰ ਦੇ ਬਾਕੀ ਚਿੱਟੇ ਹੇਠਲੇ ਹਿੱਸਿਆਂ ਤੋਂ ਵੱਖ ਕਰਦੀ ਹੈ। ਗੈਰ-ਪ੍ਰਜਣਨ ਨਰ ਅਤੇ ਮਾਦਾ ਵਿੱਚ ਤਾਜ ਭੂਰਾ ਹੁੰਦਾ ਹੈ ਅਤੇ ਬਾਕੀ ਦੇ ਉੱਪਰਲੇ ਹਿੱਸੇ ਵਿੱਚ ਕਾਲਾ ਬੈਂਡ ਘੱਟ ਉੱਘੜਿਆ ਹੁੰਦਾ ਹੈ। ਇਨ੍ਹਾਂ ਦੇ ਝੁੰਡ ਖੇਤਾਂ ਦੇ ਨੇੜੇ, ਛੱਪੜਾਂ, ਟੈਂਕੀਆਂ ਅਤੇ ਝੀਲਾਂ ਜਾਂ ਉੱਚੇ ਘਾਹ ਵਾਲੇ ਖੇਤਰਾਂ ਦੇ ਆਲੇ ਦੁਆਲੇ ਵੇਖਣ ਨੂੰ ਮਿਲਦੇ ਹਨ।
ਇਹ ਗੋਲਾਕਾਰ ਸ਼ੰਕੂਨੁਮਾ ਬੀਜ ਖਾਣ ਵਾਲੇ ਪੰਛੀ ਹਨ। ਇਹ ਆਮਤੌਰ ’ਤੇ ਘਾਹ ਦੇ ਬੀਜ ਖਾਂਦੇ ਹਨ। ਕਾਲਾ ਗਲ ਬਿਜੜੇ ਦਾ ਆਲ੍ਹਣਾ ਬਣਾਉਣ ਦਾ ਮੌਸਮ ਜੂਨ ਤੋਂ ਸਤੰਬਰ ਤੱਕ ਹੁੰਦਾ ਹੈ। ਇਨ੍ਹਾਂ ਦੀਆਂ ਕਾਲੋਨੀਆਂ 4 ਤੋਂ 5 ਦੇ ਖਿੰਡੇ ਹੋਏ ਸਮੂਹਾਂ ਵਿੱਚ ਹੁੰਦੀਆਂ ਹਨ, ਪਰ ਕਈ ਵਾਰ ਵੱਡੀਆਂ ਕਾਲੋਨੀਆਂ ਵੀ ਹੁੰਦੀਆਂ ਹਨ। ਨਰ ਇਕੱਲਾ ਹੀ ਆਲ੍ਹਣੇ ਦਾ ਨਿਰਮਾਣ ਕਰਦਾ ਹੈ। ਨਰ ਘਾਹ, ਕਾਨੇ ਅਤੇ ਚਿੱਕੜ ਨਾਲ ਬੁਣ ਕੇ ਆਲ੍ਹਣੇ ਬਣਾਉਂਦੇ ਹਨ ਅਤੇ ਮਿਲਣ ਆਉਣ ਵਾਲੀਆਂ ਮਾਦਾਵਾਂ ਆਲ੍ਹਣੇ ਦੀ ਗੁਣਵੱਤਾ ਦੇ ਆਧਾਰ ’ਤੇ ਜੀਵਨ ਸਾਥੀ ਦੀ ਚੋਣ ਕਰਦੀਆਂ ਹਨ। ਮਾਦਾਵਾਂ ਸਮੂਹ ਵਿੱਚ ਇਕੱਠੀਆਂ ਹੋ ਕੇ ਆਲ੍ਹਣੇ ਦੀ ਉਸਾਰੀ ਦੇ ਅਖੀਰਲੇ ਪੜਾਅ ਦੌਰਾਨ ਇਸ ਦਾ ਦੌਰਾ ਕਰਦੀਆਂ ਹਨ। ਨਰ ਸੰਭਾਵਿਤ ਤੌਰ ’ਤੇ ਤਾਕਤ ਅਜ਼ਮਾਇਸ਼ੀ ਲਈ ਛਾਲਾਂ ਮਾਰਦੇ ਹਨ। ਜੇ ਕੋਈ ਮਾਦਾ ਦਿਲਚਸਪੀ ਦਿਖਾਉਂਦੀ ਹੈ ਤਾਂ ਨਰ ਉਸ ਅੱਗੇ ਝੁਕਦਾ ਹੈ ਅਤੇ ਜਾਣ-ਬੁੱਝ ਕੇ ਖੰਭਾਂ ਨੂੰ ਫੜ-ਫੜਾਉਂਦਾ ਹੈ ਅਤੇ ਇਹ ਹੌਲੀ-ਹੌਲੀ ਸਾਈਕਲ ਦੇ ਪਹੀਏ ਦੇ ਚੀਕਣ ਦੀ ਤਰ੍ਹਾਂ ਆਵਾਜ਼ਾਂ ਕੱਢਦਾ ਅਤੇ ਗਾਉਂਦਾ ਹੈ। ਮਾਦਾ ਦੀ ਸਹਿਮਤੀ ਤੋਂ ਬਾਅਦ ਨਰ ਆਪਣੇ ਹੋਰ ਬਣਾਏ ਆਲ੍ਹਣਿਆਂ ਨੂੰ ਖ਼ਤਮ ਕਰ ਦਿੰਦਾ ਹੈ ਅਤੇ ਦੋਵੇਂ ਇਸ ਵਿੱਚ ਮਿਲ ਕੇ ਰਹਿੰਦੇ ਹਨ। ਫਿਰ ਮਾਦਾ ਬਿਜੜਾ ਆਲ੍ਹਣੇ ਵਿੱਚ ਲਗਭਗ 2 ਤੋਂ 4 ਚਿੱਟੇ ਆਂਡੇ ਦਿੰਦੀ ਹੈ ਅਤੇ ਲਗਭਗ 14 ਤੋਂ 17 ਦਿਨਾਂ ਬਾਅਦ ਬੱਚੇ ਨਿਕਲਦੇ ਹਨ। ਨਰ ਕਈ ਵਾਰ ਚੂਚਿਆਂ ਨੂੰ ਖੁਆਉਣ ਵਿੱਚ ਸਹਾਇਤਾ ਕਰਦੇ ਹਨ। ਚੂਚੇ ਲਗਭਗ 17 ਦਿਨਾਂ ਬਾਅਦ ਆਲ੍ਹਣਾ ਛੱਡ ਦਿੰਦੇ ਹਨ।
ਇਨ੍ਹਾਂ ਦਾ ਆਲ੍ਹਣਾ ਕੰਡੇਦਾਰ ਦਰੱਖਤਾਂ ’ਤੇ ਲਟਕਦਾ ਹੈ ਅਤੇ ਆਲੇ ਦੁਆਲੇ ਅਕਸਰ ਵੱਧ ਪਾਣੀ ਹੋਣ ਕਰਕੇ ਬਹੁਤ ਸਾਰੇ ਸ਼ਿਕਾਰੀਆਂ ਤੋਂ ਸੁਰੱਖਿਅਤ ਰਹਿੰਦਾ ਹੈ, ਪਰ ਕਾਵਾਂ, ਬਿੱਲੀਆਂ ਵੱਲੋਂ ਅੱਜ ਵੀ ਇਨ੍ਹਾਂ ਦਾ ਸ਼ਿਕਾਰ ਕਰਨਾ ਮੁਸ਼ਕਿਲ ਨਹੀਂ ਹੈ। ਇਹ ਅੱਜ ਵੀ ਇਨਾਂ ਦੇ ਆਲ੍ਹਣਿਆਂ ’ਤੇ ਹਮਲਾ ਕਰਨ ਦੀ ਤਾਕ ਵਿੱਚ ਰਹਿੰਦੇ ਹਨ। ਬੇਸ਼ੱਕ ਦੇਸ਼ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੈ, ਫਿਰ ਵੀ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਕਾਲਾ ਗਲ ਬਿਜੜੇ ਵਰਗੇ ਸੁੰਦਰ ਪੰਛੀਆਂ ਦੀ ਸੁਰੱਖਿਆ ਵਿੱਚ ਆਪਣਾ ਯੋਗਦਾਨ ਪਾਈਏ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910