ਹਰਜੀਤ ਸਿੰਘ
ਅੱਜਕੱਲ੍ਹ 5ਜੀ ਦੀ ਕਾਫ਼ੀ ਚਰਚਾ ਹੋ ਰਹੀ ਹੈ। ਇਸ ਬਾਰੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਪਰ ਕਿਸੇ ਸਿੱਟੇ ’ਤੇ ਪੁੱਜਣ ਤੋਂ ਪਹਿਲਾਂ 5ਜੀ ਦੀ ਕਾਰਜ ਪ੍ਰਣਾਲੀ ਬਾਰੇ ਜਾਣਨਾ ਜ਼ਰੂਰੀ ਹੈ। ਦਰਅਸਲ, ਕਿਸੇ ਵੀ ਕਿਸਮ ਦੇ ਮੋਬਾਈਲ ਨੈੱਟਵਰਕ ਨੂੰ ਬਿਜਲ-ਚੁੰਬਕੀ (Electromagnetic) ਤਰੰਗਾਂ ਦੀ ਲੋੜ ਪੈਂਦੀ ਹੈ| ਜਿਹੜੀਆਂ ਤਰੰਗਾਂ ਡੇਟਾ ਟਰਾਂਸਫਰ ਲਈ ਵਰਤੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਰੇਡੀਓ ਤਰੰਗਾਂ ਕਹਿੰਦੇ ਹਨ। ਇਹ ਤਰੰਗਾਂ 3 ਕਿਲੋ ਹਰਟਜ਼ ਤੋਂ 300 ਗੀਗਾ ਹਰਟਜ਼ ਦੀ ਫ੍ਰੀਕੁਐਂਸੀ ਦੀਆਂ ਹੁੰਦੀਆਂ ਹਨ| ਇਨ੍ਹਾਂ ਤਰੰਗਾਂ ਨੂੰ ਡੇਟਾ ਟਰਾਂਸਫਰ ਸਪੀਡ ਦੇ ਆਧਾਰ ’ਤੇ ਜਨਰੇਸ਼ਨਜ਼ ਵਿੱਚ ਵੰਡਿਆ ਗਿਆ ਹੈ। 5ਜੀ ਪੰਜਵੀਂ ਪੀੜ੍ਹੀ ਦੀ ਬਿਜਲ-ਚੁੰਬਕੀ ਤਰੰਗ ਹੈ| ਇਸ ਵਿੱਚ ‘G’ (ਜੀ) ਅੱਖਰ ਦਾ ਮਤਲਬ ਜਨਰੇਸ਼ਨ ਜਾਂ ਪੀੜ੍ਹੀ ਹੈ। ਇਸ ਤੋਂ ਪਹਿਲਾਂ 1ਜੀ ਤੋਂ 4ਜੀ ਨੈੱਟਵਰਕ ਦੀਆਂ ਚਾਰ ਪੀੜ੍ਹੀਆਂ ਨੂੰ ਅਸੀਂ ਸਾਰਿਆਂ ਨੇ ਵਰਤਿਆ ਹੈ।
ਪਹਿਲੀ ਜਨਰੇਸ਼ਨ ਦੀ ਘੱਟ ਸਪੀਡ ਦਾ ਕਾਰਨ ਇਨ੍ਹਾਂ ਦੀ ਘੱਟ ਫ੍ਰੀਕੁਐਂਸੀ ਹੈ| ਜਿੰਨੀ ਘੱਟ ਫ੍ਰੀਕੁਐਂਸੀ ਓਨੀ ਘੱਟ ਸਪੀਡ| 5G ਹੁਣ ਤੱਕ ਦਾ ਸਭ ਤੋਂ ਵੱਧ ਫ੍ਰੀਕੁਐਂਸੀ ਵਾਲਾ ਸਪੈਕਟ੍ਰਮ ਹੈ, ਇਸ ਲਈ ਸਭ ਤੋਂ ਵੱਧ ਤੇਜ਼ ਡੇਟਾ ਟਰਾਂਸਫਰ ਕਰ ਸਕਦਾ ਹੈ| ਇੰਨੀ ਜ਼ਿਆਦਾ ਸਪੀਡ ਬਹੁਤ ਕੁਝ ਬਦਲ ਦੇਵੇਗੀ| ਤੇਜ਼ ਇੰਟਰਨੈੱਟ ਨਾਲ ਹਰ ਮਸ਼ੀਨ ਬੋਲਣ ਲੱਗੇਗੀ, ਗੱਲਾਂ ਕਰੇਗੀ, ਕਾਰ ਬਿਨਾਂ ਡਰਾਈਵਰ ਤੋਂ ਚੱਲ ਸਕੇਗੀ, ਤੁਹਾਡਾ ਫਰਿੱਜ ਤੁਹਾਨੂੰ ਦੱਸੇਗਾ ਕਿ ਸਬਜ਼ੀ/ ਦੁੱਧ ਖ਼ਤਮ ਹੈ। ਪ੍ਰਿੰਟਰ ਸਿਰਫ਼ ਕਾਗਜ਼ ਨਹੀਂ ਸਗੋਂ ਚੀਜ਼ਾਂ ਵੀ ਬਣਾ ਦਿਆ ਕਰਨਗੇ, ਇਹ ਰੋਬੋਟ ਵਰਗੇ ਦਿਸਣਗੇ। ਵੀਡੀਓ ਕਾਲ 3ਡੀ ਹੋ ਜਾਏਗੀ ਬਿਲਕੁਲ ਜਿਵੇਂ ਸਿਨਮਾ ਵਿੱਚ 3ਫੀ ਫ਼ਿਲਮ ਵੇਖਦੇ ਹੋ। ਹੋਰ ਵੀ ਕਿੰਨਾ ਕੁਝ ਬਦਲ ਜਾਏਗਾ, ਪਰ ਜਿੰਨੀ ਜ਼ਿਆਦਾ ਫ੍ਰੀਕੁਐਂਸੀ ਓਨੇ ਨਜ਼ਦੀਕ-ਨਜ਼ਦੀਕ ਟਾਵਰ, ਇੰਜ 5G ਦੇ ਟਾਵਰ ਬਹੁਤ ਨੇੜੇ ਨੇੜੇ ਹੋਣਗੇ ਕਿਉਂਕਿ ਇਹ ਕੰਧਾਂ ’ਤੇ ਹੋਰ ਰੁਕਾਵਟਾਂ ਨੂੰ ਪਾਰ ਨਹੀਂ ਕਰ ਸਕਦੀ। ਬਿਲਕੁਲ ਉਵੇਂ ਜਿਵੇਂ ਵਾਈਫਾਈ ਦੀ ਰੇਂਜ ਖ਼ਤਮ ਹੋ ਜਾਂਦੀ ਹੈ।
ਬਿਜਲ-ਚੁੰਬਕੀ ਰੇਡੀਏਸ਼ਨ ਦੀਆਂ ਕਿਸਮਾਂ: ਬਿਜਲ-ਚੁੰਬਕੀ ਰੇਡੀਏਸ਼ਨ ਨੂੰ ਵਿਆਪਕ ਰੂਪ ਵਿੱਚ ਦੋ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ: ਆਇਓਨਾਈਜ਼ਿੰਗ ਅਤੇ ਨਾਨ- ਆਇਓਨਾਈਜ਼ਿੰਗ ਰੇਡੀਏਸ਼ਨ। ਆਇਓਨਾਈਜ਼ੇਸ਼ਨ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਇੱਕ ਪਰਮਾਣੂ ਜਾਂ ਅਣੂ ਇਲੈਕਟ੍ਰੌਨ ਪ੍ਰਾਪਤ ਕਰਕੇ ਜਾਂ ਗੁਆ ਕੇ ਰਿਣਾਤਮਕ ਜਾਂ ਧਨਾਤਮਕ ਚਾਰਜ ਪ੍ਰਾਪਤ ਕਰਦਾ ਹੈ ਅਤੇ ਨਤੀਜੇ ਵਜੋਂ ਚਾਰਜ ਹੋਏ ਪਰਮਾਣੂ ਜਾਂ ਅਣੂ ਨੂੰ ਆਇਨ ਕਿਹਾ ਜਾਂਦਾ ਹੈ। ਨਾਨ-ਆਇਓਨਾਈਜ਼ਿੰਗ ਰੇਡੀਏਸ਼ਨ ਪਰਮਾਣੂਆਂ ਜਾਂ ਅਣੂਆਂ ਨੂੰ ਆਇਓਨਾਈਜ਼ ਕਰਨ ਲਈ ਲੋੜੀਂਦੀ ਊਰਜਾ ਨਹੀਂ ਦਿੰਦੀ। ਰੇਡੀਓ ਤਰੰਗਾਂ ਅਤੇ ਮਾਈਕਰੋ ਤਰੰਗਾਂ ਇਸ ਸ਼੍ਰੇਣੀ ਵਿੱਚ ਆਉਂਦੀਆਂ ਹਨ| ਆਇਓਨਾਈਜ਼ਿੰਗ ਰੇਡੀਏਸ਼ਨ ਉਹ ਬਿਜਲ-ਚੁੰਬਕੀ ਰੇਡੀਏਸ਼ਨ ਹੁੰਦੀਆਂ ਹਨ ਜਿਨ੍ਹਾਂ ਵਿੱਚ ਇਲੈਕਟ੍ਰੌਨਾਂ ਨੂੰ ਅਲੱਗ ਕਰਕੇ ਪਰਮਾਣੂਆਂ ਜਾਂ ਅਣੂਆਂ ਨੂੰ ਆਇਨਾਈਜ਼ ਕਰਨ ਲਈ ਲੋੜੀਂਦੀ ਊਰਜਾ ਹੁੰਦੀ ਹੈ। ਉਦਾਹਰਣ ਦੇ ਤੌਰ ’ਤੇ ਐਕਸ ਰੇਜ਼ ਅਤੇ ਗਾਮਾ ਰੇਜ਼| ਆਇਓਨਾਈਜ਼ਿੰਗ ਰੇਡੀਏਸ਼ਨ ਦੇ ਮਨੁੱਖੀ ਸਰੀਰ ’ਤੇ ਦੋ ਤਰ੍ਹਾਂ ਦੇ ਪ੍ਰਭਾਵ ਹੁੰਦੇ ਹਨ।
ਸਟੋਕੈਸਟਿਕ (Stochastic)/ਸੰਭਾਵੀ ਪ੍ਰਭਾਵ: ਇਹ ਪ੍ਰਭਾਵ ਸੰਭਾਵੀ ਹੁੰਦੇ ਹਨ ਅਤੇ ਘੱਟ ਰੇਡੀਏਸ਼ਨ ਡੋਜ਼ ’ਤੇ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਪ੍ਰਭਾਵਾਂ ਲਈ ਕੋਈ ਘੱਟੋ-ਘੱਟ ਡੋਜ਼ ਨਹੀਂ ਹੁੰਦੀ ਅਤੇ ਡੋਜ਼ ਦੇ ਵਧਣ ਨਾਲ ਪ੍ਰਭਾਵ ਦੀ ਸੰਭਾਵਨਾ ਵਧਦੀ ਹੈ। ਉਦਾਹਰਣ ਵਜੋਂ ਕੈਂਸਰ ਇੱਕ ਸਟੋਕੈਸਟਿਕ ਪ੍ਰਭਾਵ ਹੈ ਅਤੇ ਰੇਡੀਏਸ਼ਨ ਡੋਜ਼ ਦੀ ਕਿਸੇ ਵੀ ਮਾਤਰਾ ’ਤੇ ਕੈਂਸਰ ਦੇ ਹੋਣ ਦੀ ਸੰਭਾਵਨਾ ਹੁੰਦੀ ਹੈ ਜੋ ਕਿ ਡੋਜ਼ ਦੇ ਵਧਣ ਨਾਲ ਵਧਦੀ ਹੈ, ਪਰ ਕਿਸੇ ਵਿਅਕਤੀ ਨੂੰ ਕਿਸੇ ਖਾਸ ਰੇਡੀਏਸ਼ਨ ਡੋਜ਼ ’ਤੇ ਕੈਂਸਰ ਹੋਵੇਗਾ ਜਾਂ ਨਹੀਂ ਇਹ ਸੁਨਿਸ਼ਚਿਤ ਨਹੀਂ ਕੀਤਾ ਜਾ ਸਕਦਾ।
ਨਿਰਣਾਇਕ (Deterministic) ਪ੍ਰਭਾਵ: ਇਨ੍ਹਾਂ ਪ੍ਰਭਾਵਾਂ ਨੂੰ ਇੱਕ ਖਾਸ ਘੱਟੋ ਘੱਟ ਡੋਜ਼ ਤੋਂ ਬਾਅਦ ਹੀ ਦੇਖਿਆ ਜਾਂਦਾ ਹੈ। ਉਦਾਹਰਨ ਵਜੋਂ ਰੇਡੀਏਸ਼ਨ ਕਰਕੇ ਚਮੜੀ ਮੱਚਣਾ ਇੱਕ ਨਿਰਣਾਇਕ ਪ੍ਰਭਾਵ ਹੈ ਜੋ ਕਿ ਤਕਰੀਬਨ 2 Gy ਰੇਡੀਏਸ਼ਨ ਡੋਜ਼ ਤੋਂ ਬਾਅਦ ਹੀ ਦੇਖਣ ਨੂੰ ਮਿਲਦੇ ਹਨ।
ਕੀ ਇਹ ਖ਼ਤਰਨਾਕ ਹੈ ?
ਫ੍ਰੀਕੁਐਂਸੀ ਦੇ ਵਧਣ ਨਾਲ ਤਰੰਗ ਇੱਕ ਸੈਕਿੰਡ ਵਿੱਚ ਜ਼ਿਆਦਾ ਵਾਰ ਉੱਤੇ-ਥੱਲ੍ਹੇ ਹੁੰਦੀ ਹੈ ਜਾਂ ਸੁੰਗੜ ਜਾਂਦੀ ਹੈ। ਇਸ ਨਾਲ ਅਸੀਂ ਇੱਕ ਸੈਕਿੰਡ ਵਿੱਚ ਇਸ ਦਾ ਜ਼ਿਆਦਾ ਹਿੱਸਾ ਪ੍ਰਾਪਤ ਕਰਦੇ ਹਾਂ ਅਤੇ ਸਾਡੇ ਵੱਲੋਂ ਇੱਕ ਸੈਕਿੰਡ ਵਿੱਚ ਪ੍ਰਾਪਤ ਕੀਤੀ ਜਾਂਦੀ ਊਰਜਾ ਵੀ ਵਧ ਜਾਂਦੀ ਹੈ। ਇਹ ਕਿਸੇ ਤਰੰਗ ਦੀ ਊਰਜਾ ਹੀ ਹੈ ਜਿਹੜੀ ਉਸ ਨੂੰ ਖ਼ਤਰਨਾਕ ਜਾਂ ਸੁਰੱਖਿਅਤ ਬਣਾਉਂਦੀ ਹੈ। ਜਿੰਨੀ ਕਿਸੇ ਤਰੰਗ ਦੀ ਫ੍ਰੀਕੁਐਂਸੀ ਜ਼ਿਆਦਾ ਹੁੰਦੀ ਹੈ, ਓਨੀ ਹੀ ਉਸ ਦੀ ਊਰਜਾ ਵੀ ਜ਼ਿਆਦਾ ਹੁੰਦੀ ਹੈ ਅਤੇ ਫ੍ਰੀਕੁਐਂਸੀ ਘਟਣ ਨਾਲ ਇਹ ਊਰਜਾ ਵੀ ਘਟ ਜਾਂਦੀ ਹੈ। ਇਸ ਲਈ ਜ਼ਿਆਦਾ ਫ੍ਰੀਕੁਐਂਸੀ ਵਾਲੀਆਂ ਤਰੰਗਾਂ ਖ਼ਤਰਨਾਕ ਹੁੰਦੀਆਂ ਹਨ ਅਤੇ ਘੱਟ ਫ੍ਰੀਕੁਐਂਸੀ ਵਾਲੀਆਂ ਤਰੰਗਾਂ ਆਮ ਤੌਰ ’ਤੇ ਖ਼ਤਰਨਾਕ ਨਹੀਂ ਹੁੰਦੀਆਂ। 300 ਗੀਗਾ ਹਰਟਜ਼ ਤੋਂ ਜ਼ਿਆਦਾ ਫ੍ਰੀਕੁਐਂਸੀ ਦੀਆਂ ਬਿਜਲ-ਚੁੰਬਕੀ ਤਰੰਗਾਂ ਵਿੱਚ ਆਇਨ ਬਣਾਉਣ ਦੀ ਸਮਰੱਥਾ ਹੁੰਦੀ ਹੈ। ਇਸ ਲਈ ਇਹ ਸਿਹਤ ਲਈ ਖ਼ਤਰਨਾਕ ਹੁੰਦੀਆਂ ਹਨ| ਰੇਡੀਓ ਤਰੰਗਾਂ ਦੀ ਫ੍ਰੀਕੁਐਂਸੀ 3 ਕਿਲੋ ਤੋਂ 300 ਗੀਗਾ ਹਰਟਜ਼ ਹੁੰਦੀ ਹੈ। ਇਸ ਲਈ ਆਮ ਤੌਰ ’ਤੇ ਰੇਡੀਓ ਤਰੰਗਾਂ ਖ਼ਤਰਨਾਕ ਨਹੀਂ ਹੁੰਦੀਆਂ।
ਅੱਜਕੱਲ੍ਹ ਚੱਲ ਰਹੇ 4ਜੀ ਨੈੱਟਵਰਕ ਦੀਆਂ ਰੇਡੀਓ ਤਰੰਗਾਂ ਦੀ ਫ੍ਰੀਕੁਐਂਸੀ 2-8 ਗੀਗਾ ਹਰਟਜ਼ ਹੈ, ਇਸ 4ਜੀ ਤੋਂ ਸਾਡੀ ਸਿਹਤ ਨੂੰ ਕੋਈ ਖ਼ਤਰਾ ਨਹੀਂ ਹੈ। 5ਜੀ ਦੀ ਫ੍ਰੀਕੁਐਂਸੀ 3 ਤੋਂ 300 ਗੀਗਾ ਹਰਟਜ਼ ਹੈ ਜਿਹੜੀ ਕਿ ਖ਼ਤਰਨਾਕ ਸੀਮਾ ਨੂੰ ਪਾਰ ਨਹੀਂ ਕਰਦੀ। ਨਾਲ ਹੀ, ਚਾਹੇ 5ਜੀ ਦੀ ਫ੍ਰੀਕੁਐਂਸੀ 4ਜੀ ਨਾਲੋਂ ਕਰੀਬ 30-40 ਗੁਣਾ ਤੱਕ ਵੱਧ ਹੈ, ਪਰ ਐਨੇ ਵਿੱਚ ਹੀ ਇਹ 100 ਗੁਣਾ ਵਧ ਕੁਨੈਕਸ਼ਨ ਦੇ ਸਕਦੀ ਹੈ। ਕੁੱਲ ਰੇਡੀਏਸ਼ਨ ਕਰੀਬ ਕਰੀਬ ਓਨੀ ਹੀ ਰਹੇਗੀ।
ਮੋਬਾਈਲ ਰੇਡੀਏਸ਼ਨ ਤੋਂ ਇਲਾਵਾ ਵੀ ਰੇਡੀਏਸ਼ਨ ਦੇ ਕਈ ਸਰੋਤ ਹਨ| ਸਾਡਾ ਸਰੀਰ 80 ਵਾਟ ਬੱਲਬ ਦੀ ਤਰ੍ਹਾਂ ਨਾਨ-ਆਇਓਨਾਈਜ਼ਿੰਗ ਪਰਾਲਾਲ (ਇਨਫਰਾਰੈੱਡ) ਰੇਡੀਏਸ਼ਨ ਛੱਡਦਾ ਹੈ| ਜਦੋਂ ਤੁਸੀਂ ਆਪਣੇ ਦੋਸਤ ਨੂੰ ਜੱਫੀ ਪਾਉਂਦੇ ਹੋਂ, ਤੁਸੀਂ ਇੱਕ 5G ਟਾਵਰ ਤੋਂ ਕਈ ਗੁਣਾ ਜ਼ਿਆਦਾ ਨਾਨ-ਆਇਓਨਾਈਜ਼ਿੰਗ ਰੇਡੀਏਸ਼ਨ ਮਹਿਸੂਸ ਕਰਦੇ ਹੋ। ਸਾਰੇ ਬ੍ਰਹਿਮੰਡ ਵਿੱਚ 0.3 ਤੋਂ 300 ਗੀਗਾ ਹਰਟਜ਼ ਦੀ ਰੇਡੀਏਸ਼ਨ ਹੈ ਜਿਸ ਨੂੰ ‘ਕੌਸਮਿਕ ਮਾਇਕਰੋਵੇਵ ਬੈਕਗਰਾਊਂਡ ਰੇਡੀਏਸ਼ਨ’ (cosmic microwave background radiation) ਕਹਿੰਦੇ ਹਨ। ਇਸ ਦੀ ਫ੍ਰੀਕੁਐਂਸੀ 5ਜੀ ਨੂੰ ਵੀ ਕਵਰ ਕਰਦੀ ਹੈ। ਜੇ ਇਹ ਖ਼ਤਰਨਾਕ ਹੁੰਦੀ ਤਾਂ ਸਾਡੇ ਵਿੱਚੋਂ ਕੋਈ ਜ਼ਿੰਦਾ ਨਹੀਂ ਹੋਣਾ ਸੀ। ਕੇਲੇ ਵਿੱਚ ਕੁਦਰਤੀ ਤੌਰ ’ਤੇ ਪੋਟਾਸ਼ੀਅਮ ਦਾ ਰੇਡੀਓਐਕਟਿਵ ਆਈਸੋਟੋਪ ਪੋਟਾਸ਼ੀਅਮ-40 ਹੁੰਦਾ ਹੈ ਜਿਸ ਨੂੰ ਅਸੀਂ ਖਾਂਦੇ ਹਾਂ ਅਤੇ ਇਹ ਸਰੀਰ ਨੂੰ ਰੇਡੀਏਸ਼ਨ ਡੋਜ਼ ਦਿੰਦਾ ਹੈ|
ਬਿਜਲ-ਚੁੰਬਕੀ ਤਰੰਗਾਂ ਦੇ ਸਾਡੀ ਸਿਹਤ ’ਤੇ ਮੁੱਖ ਤੌਰ ’ਤੇ ਦੋ ਪ੍ਰਭਾਵ ਹੋ ਸਕਦੇ ਹਨ: ਬਾਹਰੀ ਚਮੜੀ ਦੇ ਟਿਸ਼ੂਆਂ ਦਾ ਮੱਚ ਜਾਣਾ ਜਾਂ ਕੈਂਸਰ| ਰੇਡੀਓ ਵਿਕਿਰਣਾਂ ਦਾ ਜ਼ਿਆਦਾ ਤੋਂ ਜ਼ਿਆਦਾ ਨੁਕਸਾਨ ਸਰੀਰ ਦੇ ਟਿਸ਼ੂਆਂ ਦਾ ਗਰਮ ਹੋ ਕੇ ਮੱਚ ਜਾਣਾ ਹੈ। ਰੇਡੀਓ ਤਰੰਗਾਂ ਸਰੀਰ ਵਿੱਚ ਦਾਖਲ ਹੋ ਕੇ ਸਰੀਰ ਦੇ ਟਿਸ਼ੂਆਂ ਦੇ ਅਣੂਆਂ ਤੇ ਪਰਮਾਣੂਆਂ ਵਿੱਚ ਕੰਪਨ ਪੈਦਾ ਕਰ ਸਕਦੀਆਂ ਹਨ। ਇਸ ਕੰਪਨ ਨਾਲ ਗਰਮੀ ਪੈਦਾ ਹੁੰਦੀ ਹੈ| ਇਹ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਸਾਡੇ ਸਰੀਰ ਅੰਦਰ ਬਹੁਤ ਸਾਰੀਆਂ ਕਿਰਿਆਵਾਂ ਤੋਂ ਗਰਮੀ ਪੈਦਾ ਹੁੰਦੀ ਹੈ ਅਤੇ ਸਾਡਾ ਸਰੀਰ ਇੱਕ ਪੱਧਰ ਤੱਕ ਤਾਪਮਾਨ ਨੂੰ ਕੰਟਰੋਲ ਕਰ ਸਕਦਾ ਹੈ। ਹੁਣ ਤੱਕ ਹੋਏ ਅਧਿਐਨ ਵਿੱਚ ਤਰੰਗਾਂ ਦਾ ਲੰਬੇ ਸਮੇਂ ਤੱਕ ਰਹਿਣ ਵਾਲਾ ਕੋਈ ਪ੍ਰਭਾਵ ਦਰਜ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਕਿਸੇ ਵੀ ਅਧਿਐਨ ਵਿੱਚ ਰੇਡੀਓ ਤਰੰਗਾਂ ਦਾ ਸਿਰ ਦਰਦ, ਦਿਲ, ਦਿਮਾਗ਼, ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਅਤੇ ਨੀਂਦ ’ਤੇ ਕੋਈ ਪ੍ਰਭਾਵ ਨਹੀਂ ਵੇਖਿਆ ਗਿਆ। ਪਰ ਕੁਝ ਅਧਿਐਨਾਂ ਨੇ ਇਹ ਦਰਸਾਇਆ ਹੈ ਕਿ ਰੇਡੀਓ ਵਿਕਿਰਣਾਂ ਦਿਮਾਗ਼ ਵਿੱਚ ਕੁਝ ਖ਼ਾਸ ਟਿਊਮਰਾਂ ਦੇ ਬਣਨ ਦੀ ਸੰਭਾਵਨਾ ਨੂੰ ਵਧਾ ਸਕਦੀਆਂ ਹਨ। ਇਨ੍ਹਾਂ ਖ਼ਦਸ਼ਿਆਂ ਦੀ ਪੁਸ਼ਟੀ ਕਰਨ ਲਈ ਕੰਨ ਨਾਲ ਜ਼ਿਆਦਾ ਫੋਨ ਲਗਾ ਕੇ ਰੱਖਣ ਵਾਲੇ ਲੋਕਾਂ ’ਤੇ ਅਧਿਐਨ ਕੀਤੇ ਗਏ, ਪਰ ਇਨ੍ਹਾਂ ਵਿੱਚੋਂ ਕਿਸੇ ਵੀ ਅਧਿਐਨ ਵਿੱਚ ਅਜਿਹਾ ਪ੍ਰਭਾਵ ਨਹੀਂ ਦਰਜ ਕੀਤਾ ਗਿਆ।
ਕੈਂਸਰ ਦੀ ਗੱਲ ਕਰੀਏ ਤਾਂ ਇਹ ਇਕਦਮ ਹੋਣ ਵਾਲੀ ਬਿਮਾਰੀ ਨਹੀਂ ਹੈ ਬਲਕਿ ਇਹ ਸਰੀਰ ਵਿੱਚ ਹੌਲੀ-ਹੌਲੀ ਪਣਪਦਾ ਹੈ। ਹੁਣ ਅਸੀਂ ਜ਼ਿਆਦਾ ਆਵਿਰਤੀ ਵਾਲੀਆਂ ਰੇਡੀਓ ਤਰੰਗਾਂ ਵਿੱਚ ਲਗਪਗ 20 ਸਾਲਾਂ ਤੋਂ ਰਹਿ ਰਹੇ ਹਾਂ। ਦੁਨੀਆ ਦੀ ਕੈਂਸਰ ’ਤੇ ਬਣੀ ਸਭ ਤੋਂ ਵੱਡੀ ਸੰਸਥਾ ਆਈਏਆਰਸੀ (IARC) ਨੇ ਮੋਬਾਈਲ ਫੋਨਾਂ ਦੀ ਵਰਤੋਂ ਅਤੇ ਦਿਮਾਗ਼ ਦੇ ਕੈਂਸਰ ਵਿਚਕਾਰ ਕੋਈ ਸਬੰਧ ਬਾਰੇ ਅੱਜ ਤੱਕ ਦਾ ਸਭ ਤੋਂ ਵੱਡਾ ਅਧਿਐਨ ਕੀਤਾ। ਇਸ ਅਧਿਐਨ ਵਿੱਚ 13 ਦੇਸ਼ਾਂ ਦੇ ਪਿਛਲੇ 10 ਸਾਲਾਂ ਤੋਂ ਜ਼ਿਆਦਾ ਫੋਨ ਵਰਤ ਰਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਸ ਅਧਿਐਨ ਦੇ ਐਨੇ ਵੱਡੇ ਪੱਧਰ ਦੇ ਹੋਣ ਦੇ ਬਾਵਜੂਦ ਇਸ ਵਿੱਚ ਕੈਂਸਰ ਦਾ ਕੋਈ ਠੋਸ ਸਬੂਤ ਨਹੀਂ ਪਾਇਆ ਗਿਆ| ਇਸ ਅਧਿਐਨ ਵਿੱਚ 15 ਸਾਲਾਂ ਦਾ ਡੇਟਾ ਹੀ ਵਰਤਿਆ ਗਿਆ ਹੈ ਕਿਉਂਕਿ ਲਗਪਗ ਐਨੇ ਸਾਲਾਂ ਤੋਂ ਹੀ ਜ਼ਿਆਦਾ ਆਵਿਰਤੀ ਵਾਲੇ ਮੋਬਾਈਲ ਫੋਨਾਂ ਦੀ ਵਰਤੋਂ ਹੋ ਰਹੀ ਹੈ। 5ਜੀ ਲਈ ਬੇਸ ਐਨਟੀਨੇ ਜ਼ਿਆਦਾ ਲਗਾਏ ਜਾਣਗੇ ਜਿਸ ਕਾਰਨ ਲੋਕਾਂ ਵਿੱਚ ਡਰ ਬਣਿਆ ਹੋਇਆ ਹੈ। ਪਰ ਐਨਟੀਨਿਆਂ ਦੀ ਗਿਣਤੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਹੀ ਵਧਾਈ ਗਈ ਹੈ। ਜੇ ਪੂਰੇ ਪੰਜਾਬ ਵਿੱਚ 5ਜੀ ਦਾ ਇੱਕ ਐਨਟੀਨਾ ਲਗਾਇਆ ਜਾਂਦਾ ਹੈ ਤਾਂ ਪੂਰੇ ਪੰਜਾਬ ਦੇ ਕੋਨੇ-ਕੋਨੇ ਤੱਕ ਡੇਟਾ ਪਹੁੰਚਾਉਣ ਲਈ ਆਵਿਰਤੀ ਅਤੇ ਇਸ ਦੀ ਮਜ਼ਬੂਤੀ ਨੂੰ ਜ਼ਿਆਦਾ ਰੱਖਣਾ ਪਵੇਗਾ ਅਤੇ ਇਸ ਲਈ ਘੱਟੋ-ਘੱਟ ਐਕਸ ਤਰੰਗਾਂ ਤਾਂ ਵਰਤਣੀਆਂ ਹੀ ਪੈਣਗੀਆਂ। ਅਜਿਹਾ ਕਰਨ ਨਾਲ ਐਨਟੀਨੇ ਦੇ ਨੇੜੇ ਰਹਿਣ ਵਾਲੇ ਜ਼ਿਲ੍ਹੇ ਕੈਂਸਰ ਤੇ ਹੋਰਨਾਂ ਬਿਮਾਰੀਆਂ ਦਾ 100 ਫੀਸਦੀ ਸ਼ਿਕਾਰ ਹੋਣਗੇ। ਇਸ ਲਈ ਐਨਟੀਨਿਆਂ ਦੀ ਗਿਣਤੀ 4ਜੀ ਤੋਂ ਵੀ ਵਧਾਈ ਗਈ ਹੈ ਤਾਂ ਕਿ ਇੱਕ ਐਨਟੀਨਾ ਥੋੜ੍ਹੇ ਖੇਤਰ ਵਿੱਚ ਘੱਟ ਮਜ਼ਬੂਤੀ ਦੀਆਂ ਰੇਡੀਓ ਤਰੰਗਾਂ ਛੱਡੇ ਅਤੇ ਇਹ ਤਰੰਗਾਂ ਉਸ ਖੇਤਰ ਦੇ ਲੋਕਾਂ ਲਈ 5ਜੀ ਦੀ ਸੁਵਿਧਾ ਪ੍ਰਦਾਨ ਕਰਨ ਵਾਸਤੇ ਕਾਫ਼ੀ ਹੋਣ।
*ਵਿਗਿਆਨੀ -ਇਸਰੋ।
ਸੰਪਰਕ: 99957-65095