ਮੁੰਬਈ: ਅਦਾਕਾਰਾ ਆਕ੍ਰਿਤੀ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਪਹਿਲੀ ਫ਼ਿਲਮ ‘ਤੂਫ਼ਾਨ ਮੇਲ’ ਨੇ ਇਸ ਸਾਲ ਯੂਕੇ ਏਸ਼ੀਅਨ ਫਿਲਮ ਫੈਸਟੀਵਲ ਵਿੱਚ ਬਿਹਤਰੀਨ ਫ਼ਿਲਮ ਦਾ ਖ਼ਿਤਾਬ ਜਿੱਤਿਆ ਹੈ। ਇਹ ਫ਼ਿਲਮ ‘ਯੂਥ ਕਿਊਰੇਟਿਡ ਚੁਆਇਸ’ ਸ਼੍ਰੇਣੀ ਵਿੱਚ ਚੁਣੀ ਗਈ ਹੈ। ਆਕ੍ਰਿਤੀ ਨੇ ਆਖਿਆ,‘‘ਇਸ ਵਿੱਚ 18 ਤੋਂ 25 ਸਾਲ ਦੇ ਲੋਕ ਸ਼ਾਮਲ ਹਨ। ਇਨ੍ਹਾਂ ਲੋਕਾਂ ਨੇ ਇਹ ਫ਼ਿਲਮ ਦੇਖੀ ਅਤੇ ਤੂਫਾਨ ਮੇਲ ਨਾਲ ਜੁੜਨ ਦਾ ਫ਼ੈਸਲਾ ਕੀਤਾ। ਇਹ ਫ਼ਿਲਮ ਟੀਮ ਦੇ ਉਪਰਾਲੇ ਦਾ ਨਤੀਜਾ ਹੈ ਜਿਸ ਨੇ ਸੱਚਮੁਚ ਇਸ ਨੂੰ ਚੁਣੌਤੀਪੂਰਨ ਬਣਾਇਆ। ਪਰ ਮੈਨੂੰ ਸ਼ੁਰੂ ਤੋਂ ਆਸ ਸੀ ਕਿ ਇਸ ਫ਼ਿਲਮ ਦਾ ਪ੍ਰਭਾਵ ਪਵੇਗਾ। ਮੈਂ ਬਹੁਤ ਖੁਸ਼ ਤੇ ਮਾਣ ਮਹਿਸੂਸ ਕਰਦੀ ਹਾਂ ਕਿ ‘ਤੂਫਾਨ ਮੇਲ’ ਨੇ ਯੂਕੇ ਏਸ਼ੀਅਨ ਫ਼ਿਲਮ ਫੈਸਟੀਵਲ ਵਿਚ ਪੁਰਸਕਾਰ ਜਿੱਤਿਆ। ਇਹ ਫ਼ਿਲਮ ਸੱਤਰਵਿਆਂ ਦੇ ਦੌਰ ’ਤੇ ਆਧਾਰਿਤ ਹੈ, ਜਦੋਂ ਇੱਕ ਔਰਤ ਦਿੱਲੀ ਰੇਲਵੇ ਸਟੇਸ਼ਨ ’ਤੇ ਪੁੱਜਦੀ ਹੈ। ਉਹ ਖੁਦ ਨੂੰ ਅਵਧ ਦੀ ਮਹਾਰਾਣੀ ਦੱਸਦੀ ਹੈ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਿਲਣਾ ਚਾਹੁੰਦੀ ਹੈ। -ਆਈਏਐੱਨਐੱਸ