ਸੁਰਜੀਤ ਜੱਸਲ
ਜਾਤ ਪਾਤ ਸਾਡੇ ਸਮਾਜ ਵਿਚ ਅੱਜ ਵੀ ਪਾੜ ਪਾਉਣ ਵਾਲਾ ਵਿਸ਼ਾ ਹੈ। ਛੋਟੀਆਂ ਜਾਤਾਂ ਵਾਲੇ ਅੱਜ ਵੀ ਆਪਣੇ ਹੱਕਾਂ-ਅਧਿਕਾਰਾਂ ਤੋਂ ਸੱਖਣੇ ਹਨ। ਅਕਸਰ ਹੀ ਛੋਟੀ ਜਾਤ ਵਾਲੇ ਨੂੰ ਦੁਰਕਾਰੀਆਂ ਹੋਈਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ। ਇਸੇ ਮੁੱਦੇ ’ਤੇ ਝਾਤ ਪਾਉਂਦੀ ਨਿਰਮਾਤਾ ਪਵਨ ਮਹਿਮੀ ਦੀ ਲਘੂ ਫ਼ਿਲਮ ‘ਸੀਤੋ’ ਸਮਾਜ ਵਿਚ ਬਾਬਾ ਭੀਮ ਰਾਓ ਅੰਬੇਦਕਰ ਦੇ ਫ਼ਲਸਫ਼ਿਆਂ ਤੇ ਸਿਧਾਂਤਾਂ ’ਤੇ ਚੱਲਣ ਦਾ ਸੁਨੇਹਾ ਦਿੰਦੀ ਹੈ। ਇਸ ਤੋਂ ਇਲਾਵਾ ਇਹ ਲਘੂ ਫ਼ਿਲਮ ਅਜੋਕੇ ਸਮਾਜ ਵਿਚ ਕੁੜੀ-ਮੁੰਡੇ ਦੇ ਫ਼ਰਕ ਵਾਲੀ ਸੋਚ ਅਤੇ ਨਸ਼ਿਆਂ ਵਿਚ ਗਰਕ ਰਹੀ ਨੌਜਵਾਨੀ ਬਾਰੇ ਵੀ ਚਿੰਤਾ ਪ੍ਰਗਟਾਉਂਦੀ ਹੈ।
ਨਿਰਦੇਸ਼ਕ ਰਾਜੇਸ਼ ਕਪੂਰ ਦੀ ਇਸ ਫ਼ਿਲਮ ਵਿਚ ਪੰਜਾਬੀ ਰੰਗਮੰਚ ਅਤੇ ਫ਼ਿਲਮਾਂ ਦੇ ਨਾਮੀਂ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਪਿੰਡ ਵਿਚ ਰਹਿੰਦੇ ਇਕ ਮੋਚੀ ਦੇ ਪਰਿਵਾਰ ਦੀ ਹੈ ਜੋ ਪਿੰਡ ਦੇ ਸਕੂਲ ਮੂਹਰੇ ਜੁੱਤੀਆਂ-ਜੋੜੇ ਗੰਢ ਕੇ ਆਪਣੀ ਦੋ ਡੰਗ ਦੀ ਰੋਟੀ ਕਮਾਉਂਦਾ ਹੈ ਤੇ ਉਸ ਦੀ ਘਰਵਾਲੀ ਸਰਦਾਰਾਂ ਦੇ ਘਰ ਗੋਹਾ ਕੂੜਾ ਕਰਦੀ ਹੈ। ਇਨ੍ਹਾਂ ਦੀ ਇਕ ਧੀ ਹੈ ਸੀਤੋ, ਜੋ ਘਰ ਦੇ ਹਾਲਾਤ ਨੂੰ ਵੇਖ ਚੰਗਾ ਪੜ੍ਹ ਲਿਖ ਕੇ ਵੱਡੀ ਅਫ਼ਸਰ ਬਣਨਾ ਚਾਹੁੰਦੀ ਹੈ, ਪਰ ਗ਼ਰੀਬ ਬਾਪ ਵਿਚ ਐਨੀ ਹਿੰਮਤ ਨਹੀਂ ਕਿ ਉਹ ਸਕੂਲ ਦਾਖਲ ਕਰਵਾ ਸਕੇ। ਸੀਤੋ ਜਦੋਂ ਆਪਣੇ ਬਾਪ ਦੀ ਰੋਟੀ ਲੈ ਕੇ ਦੁਕਾਨ ’ਤੇ ਜਾਂਦੀ ਹੈ ਤਾਂ ਸਕੂਲ ’ਚੋਂ ਪਾਣੀ ਲੈਣ ਚਲੀ ਜਾਂਦੀ ਹੈ ਤੇ ਇਸ ਤਰ੍ਹਾਂ ਉਸ ਨੂੰ ਅੱਖਰਾਂ ਦਾ ਗਿਆਨ ਹੋਣ ਲੱਗਿਆ। ਸਕੂਲ ਦੇ ਪ੍ਰਿੰਸੀਪਲ ਨੇ ਸੀਤੋ ਅੰਦਰ ਪੜ੍ਹਾਈ ਦੀ ਲਗਨ ਵੇਖ ਕੇ ਉਸ ਨੂੰ ਸਕੂਲ ਵਿਚ ਦਾਖਲਾ ਦੇ ਦਿੱਤਾ।
ਉਸ ਦੇ ਸੁਪਨੇ ਗ਼ਰੀਬੀ ਦੀ ਦਲਦਲ ’ਚੋਂ ਉਪਰ ਉੱਠ ਕੇ ਜਾਤੀਵਾਦ ਦੀਆਂ ਸਮਾਜ ਵਿਚ ਵੰਡੀਆਂ ਪਾਉਣ ਵਾਲੇ ਲੋਕਾਂ ਨੂੰ ਜਵਾਬ ਦੇਣਾ ਹੈ। ਸੀਤੋ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਸੋਚ ’ਤੇ ਪਹਿਰਾ ਦੇਣ ਵਾਲੀ ਜਾਗੂਰਕ ਮੁਟਿਆਰ ਹੈ। ਇਕ ਦਿਨ ਸਰਪੰਚ ਚੌਧਰ ਦੇ ਨਸ਼ੇ ਵਿਚ ਮੋਚੀ ਦੀ ਧੀ ਨੂੰ ਮਿਹਣਾ ਮਾਰਦਾ ਹੈ, ‘ਨੌਕਰੀਆਂ-ਅਫ਼ਸਰੀਆਂ ਸਰਦਾਰਾਂ ਦੇ ਹਿੱਸੇ ਹੀ ਆਉਂਦੀਆਂ ਨੇ, ਨਾ ਕਿ ਸਰਦਾਰਾਂ ਦੇ ਘਰ ਗੋਹਾ ਕੂੜਾ ਕਰਨ ਵਾਲੇ ਕਾਮਿਆਂ ਦੇ…।’
ਸਰਪੰਚ ਦੇ ਇਹ ਬੋਲ ਉਸ ਲਈ ਚੁਣੌਤੀ ਬਣ ਜਾਂਦੇ ਹਨ। ਉਹ ਆਪਣੀ ਮੰਜ਼ਿਲ ਪਾਉਣ ਲਈ ਦਿਨ-ਰਾਤ ਇਕ ਕਰ ਦਿੰਦੀ ਹੈ। ਕੱਲ੍ਹ ਦੀ ‘ਸੀਤੋ’ ਜ਼ਿਲ੍ਹਾ ਮੈਜਿਸਟਰੇਟ ਸੀਤਲ ਕੌਰ ਬਣ ਕੇ ਜਦੋਂ ਪਿੰਡ ਆਊਂਦੀ ਹੈ ਤਾਂ ਸਰਪੰਚ ਆਪਣੇ ਪੁੱਤਰ ਦੇ ਡੀਐੱਸਪੀ ਬਣਨ ਦੀ ਖ਼ੁਸ਼ੀ ਵਿਚ ਪਾਰਟੀ ਕਰ ਰਿਹਾ ਹੁੰਦਾ ਹੈ। ਜਾਤ ਪਾਤ ਦੀਆਂ ਵੰਡੀਆਂ ਪਾਉਣ ਵਾਲਾ ਸਰਪੰਚ ਗੁੱਸੇ ਵਿਚ ਆ ਕੇ ਜਦੋਂ ਉਸ ਦੀ ਬੇਇੱਜ਼ਤੀ ਕਰਨ ਲੱਗਦਾ ਹੈ ਤਾਂ ਉਸ ਦਾ ਪੁੱਤਰ ਅੱਗੇ ਹੋ ਕੇ ਰੋਕਦਾ ਸੁਚੇਤ ਕਰਦਾ ਹੈ ਕਿ ਇਹ ਮੇਰੇ ਤੋਂ ਵੀ ਵੱਡੀ ਅਫ਼ਸਰ ਹੈ। ਅੱਜ ਮੈਂ ਜੋ ਹਾਂ, ਇਸ ਦੀ ਹੀ ਬਦੌਲਤ ਹਾਂ। ਤੂੰ ਤਾਂ ਮੈਨੂੰ ਨਸ਼ਿਆਂ ਦੇ ਧੰਦੇ ’ਚ ਪਾ ਕੇ ਬਰਬਾਦੀ ਵੱਲ ਤੋਰਿਆ ਸੀ, ਪਰ ਘਰ ਛੱਡਣ ਤੋਂ ਬਾਅਦ ਇਸੇ ਸੀਤੋ ਨੇ ਮੈਨੂੰ ਚੰਗਾ ਇਨਸਾਨ ਬਣਨ ਦਾ ਰਾਹ ਵਿਖਾਇਆ ਤੇ ਮੇਰੀ ਮਾਰਗ ਦਰਸ਼ਕ ਬਣ ਕੇ ਇਸ ਅਫ਼ਸਰੀ ਦੇ ਕਾਬਲ ਬਣਾਇਆ।
ਇਸ ਫ਼ਿਲਮ ’ਚ ਹਰਪਾਲ ਸਿੰਘ, ਅਰਜਨਾ ਭੱਲਾ, ਨੀਰਜ ਕੌਸ਼ਿਕ, ਭਾਵਨਾ ਸ਼ਰਮਾ, ਕ੍ਰਾਂਤੀ ਘੁੰਮਣ, ਕਰਨੈਲ ਸਿੰਘ, ਰੇਣੂ ਬਾਂਸਲ, ਬੇਬੀ ਮਿਲਨ ਦੇਵ ਵਿਰਕ ਤੇ ਕਰਨ ਕਪੂਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੀ ਕਹਾਣੀ ਪਟਕਥਾ ਤੇ ਸੰਵਾਦ ਰਾਜੇਸ਼ ਕਪੂਰ ਨੇ ਲਿਖੇ ਹਨ। ਮਿਊਜ਼ਿਕ ਫੈਕਟਰੀ ਵੱਲੋਂ ਤਿਆਰ ਕੀਤਾ ਸੰਗੀਤ ਬਹੁਤ ਵਧੀਆ ਹੈ। ਸਮਾਜ ਨੂੰ ਜਾਗੂਰਕ ਕਰਦੀਆਂ ਅਜਿਹੀਆਂ ਫ਼ਿਲਮਾਂ ਦਾ ਨਿਰਮਾਣ ਜ਼ਰੂਰੀ ਹੈ।
ਸੰਪਰਕ: 98146-07737