ਮੁੰਬਈ: ਹਾਲ ਹੀ ਵਿੱਚ ਸੱਤਿਆ ਸਾਈਂ ਬਾਬਾ ਦੇ ਜੀਵਨ ’ਤੇ ਆਧਾਰਿਤ ਫਿਲਮ ਵਿੱਚ ਕੰਮ ਕਰਨ ਵਾਲੇ ਗਾਇਕ ਤੇ ਸਾਬਕਾ ਬਿੱਗ ਬੌਸ ਪ੍ਰਤੀਯੋਗੀ ਅਨੂਪ ਜਲੋਟਾ ਹੁਣ ਇਸ ਫਿਲਮ ਦੇ ਦੂਜੇ ਭਾਗ ਦਾ ਨਿਰਦੇਸ਼ਨ ਕਰਨਗੇ ਤੇ ਫਿਲਮ ਲਈ ਸੰਗੀਤ ਤਿਆਰ ਕਰਨਗੇ। ਫਿਲਮ ‘ਸੱਤਿਆ ਸਾਈਂ ਬਾਬਾ 2’ ਦੀ ਤਿਆਰੀ ਛੇਤੀ ਸ਼ੁਰੂ ਹੋ ਜਾਵੇਗੀ। ਇਸ ਫਿਲਮ ਵਿੱਚ ਸਾਧਿਕਾ ਰੰਧਾਵਾ, ਏਕਤਾ ਜੈਨ, ਪੰਕਜ ਬੇਰੀ, ਸੋਮਾਕਸ਼ੀ, ਅਨਿਲ ਨਾਗਰਥ ਮੁੱਖ ਭੂਮਿਕਾਵਾਂ ਨਿਭਾਉਣਗੇ। ਜਲੋਟਾ ਨੇ ਕਿਹਾ, ‘ਫਿਲਮ ਦੇ ਦੂਜੇ ਭਾਗ ’ਚ ਬਹੁਤ ਸਾਰੇ ਅਦਾਕਾਰ ਕੰਮ ਕਰਨਗੇ ਕਿਉਂਕਿ ਇਸ ਵਿੱਚ ਸੱਤਿਆ ਸਾਈਂ ਬਾਬਾ ਨਾਲ ਸਬੰਧਤ ਵੱਖ ਵੱਖ ਘਟਨਾਵਾਂ ਨੂੰ ਦਿਖਾਇਆ ਜਾਵੇਗਾ।’ ਫਿਲਮ ਦਾ ਸਕਰੀਨਪਲੇਅ ਤੇ ਡਾਇਲਾਗ ਸਚਿੰਦਰਾ ਸ਼ਰਮਾ ਵੱਲੋਂ ਲਿਖੇ ਜਾਣਗੇ। ਫਿਲਮ ਦੇ ਸਹਾਇਕ ਪ੍ਰੋਡਿਊਸਰ ਸੁਭਾਸ਼ ਸਹਿਗਲ, ਅੰਕਿਤਾ ਤੇ ਨਿਕਿਤਾ ਸ੍ਰੀਵਾਸਤਵ ਹਨ। -ਆਈਏਐੱਨਐੱਸ