ਸੁਰਜੀਤ ਜੱਸਲ
ਬਤੌਰ ਨਾਇਕ ਪੁਖਰਾਜ ਭੱਲਾ ਦੀ ਬੀਤੇ ਦਿਨੀਂ ਆਈ ਫ਼ਿਲਮ ‘ਹੇਟਰਜ਼’ ਚਲੰਤ ਸਿਨਮਾ ਤੋਂ ਹਟਕੇ ਨੌਜਵਾਨਾਂ ਦੇ ਅਜੋਕੇ ਦੌਰ ਦੀ ਫ਼ਿਲਮ ਹੈ ਜੋ ਪਿਆਰ ਦੇ ਰਾਹਾਂ ਵਿੱਚ ਫਿੱਕੀਆਂ ਪਈਆਂ ਯਾਰੀਆਂ-ਦੋਸਤੀਆਂ ਦੀ ਗੱਲ ਕਰਦੀ ਹੈ। ਇੱਕ ਜ਼ਮਾਨਾ ਸੀ ਜਦੋਂ ਲੋਕ ਯਾਰੀ-ਦੋਸਤੀਆਂ ਦੀਆਂ ਕਸਮਾਂ ਖਾਂਦੇ ਸਨ। ਪੱਗ ਵਟਾ ਕੇ ਯਾਰੀਆਂ ਤੋਂ ਉੱਪਰ ਉੱਠ ਕੇ ਭਰਾਵਾਂ ਵਰਗਾ ਰਿਸ਼ਤਾ ਨਿਭਾਉਂਦੇ ਸਨ। ਔਖੇ ਵਕਤ ਵਿੱਚ ਬਰਾਬਰ ਖੜ੍ਹਦੇ ਸਨ, ਪਰ ਅੱਜ ਨਾ ਉਹ ਸਮਾਂ ਰਿਹਾ ਹੈ ਤੇ ਨਾ ਹੀ ਉਹ ਯਾਰੀਆਂ…।
ਸੋਸ਼ਲ ਮੀਡੀਆ ਦੇ ਯੁੱਗ ਵਿੱਚ ਮਤਲਬ ਲਈ ਪੈਦਾ ਹੁੰਦੀਆਂ ਯਾਰੀਆਂ-ਦੋਸਤੀਆਂ ਬਾਰੇ ਚਾਨਣਾ ਪਾਉਂਦੀ ਇਹ ਫ਼ਿਲਮ ਤਿੰਨ ਦੋਸਤਾਂ ਦੀ ਕਹਾਣੀ ਹੈ ਜੋ ਸਮਾਜ ਵਿੱਚ ਚੰਗਾ ਬਣਕੇ ਦੂਜਿਆਂ ਲਈ ਕੁਝ ਕਰਨ ਦੀ ਸੋਚ ਰੱਖਦੇ ਹਨ, ਪਰ ਕੁਝ ਘਟਨਾਵਾਂ ਉਨ੍ਹਾਂ ਦੇ ਰਾਹ ਵਿੱਚ ਅੜਿੱਕਾ ਬਣ ਕੇ ਉਨ੍ਹਾਂ ਦੀ ਸੋਚ ਬਦਲ ਦਿੰਦੀਆਂ ਹਨ।
ਰੰਜੀਵ ਸਿੰਗਲਾ ਪ੍ਰੋਡਕਸ਼ਨ ਦੀ ਇਸ ਫ਼ਿਲਮ ਵਿੱਚ ਪੁਖਰਾਜ ਭੱਲਾ, ਪ੍ਰਭ ਗਰੇਵਾਲ, ਅੰਮ੍ਰਿਤ ਅੰਬੇ, ਲੱਕੀ ਧਾਲੀਵਾਲ, ਕਰਮ ਕੌਰ, ਸੀਮਾ ਕੌਸ਼ਲ, ਮਲਕੀਤ ਰੌਣੀ, ਜਗਦੀਪ ਰੰਧਾਵਾ, ਲਵ ਗਿੱਲ, ਸੰਜੂ ਸੋਲੰਕੀ, ਹਰਸਿਮਰਨ ਅੱਤਲੀ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਮਨਪ੍ਰੀਤ ਬਰਾੜ ਨੇ ਲਿਖੀ ਹੈ, ਸਕਰੀਨ ਪਲੇਅ ਪੰਕਜ ਵਰਮਾ ਤੇ ਡਾਇਲਾਗ ਭਿੰਦੀ ਤੋਲਾਵਾਲ ਨੇ ਲਿਖੇ ਹਨ।
ਇਸ ਫ਼ਿਲਮ ਦਾ ਨਿਰਦੇਸ਼ਕ ਮਨਪ੍ਰੀਤ ਬਰਾੜ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਫ਼ਿਲਮੀ ਖੇਤਰ ਨਾਲ ਜੁੜਿਆ ਹੋਇਆ ਹੈ ਤੇ ਜਿਸ ਕੋਲ ਪੌਲੀਵੁੱਡ ਤੇ ਬੌਲੀਵੁਡ ਦੇ ਨਾਮੀਂ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਤਜ਼ਰਬਾ ਹੈ। ਫ਼ਿਲਮ ਦੇ ਨਿਰਮਾਤਾ ਰੰਜੀਵ ਸਿੰਗਲਾ ਹਨ ਜੋ ਇਸ ਤੋਂ ਪਹਿਲਾਂ ‘ਲਾਵਾਂ ਫੇਰੇ’, ‘ਮਿੰਦੋ ਤਹਿਸੀਲਦਾਰਨੀ’ ਅਤੇ ‘ਕੁੜੀਆਂ ਜਵਾਨ-ਬਾਪੂ ਪ੍ਰੇਸ਼ਾਨ’ ਵਰਗੀਆਂ ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮਾਂ ਬਣਾ ਚੁੱਕੇ ਹਨ। ਫ਼ਿਲਮ ਦਾ ਸੰਗੀਤ ਜੱਗੀ ਸਿੰਘ ਨੇ ਤਿਆਰ ਕੀਤਾ ਹੈ ਤੇ ਗਾਇਕ ਹਾਰਬੀ ਸੰਧੂ ਹੈ।
‘ਯਾਰ ਜਿਗਰੀ ਕਸੂਤੀ ਡਿਗਰੀ’, ‘ਗੋਲਕ ਬੁਗਨੀ ਬੈਂਕ ਤੇ ਬਟੂਆ’, ‘ਅਫ਼ਸਰ’ ਅਤੇ ‘ਜਿੰਨੇ ਜੰਮੇ ਸਾਰੇ ਨਿਕੰਮੇ’ ਫ਼ਿਲਮਾਂ ਕਰ ਚੁੱਕੇ ਪੁਖਰਾਜ ਭੱਲਾ ਦਾ ਇਸ ਫ਼ਿਲਮ ਰਾਹੀਂ ਨਵਾਂ ਰੂਪ ਨਜ਼ਰ ਆਇਆ ਹੈ। ਮਾਡਲਿੰਗ ਤੋਂ ਫ਼ਿਲਮਾਂ ਵੱਲ ਆਈ ਪ੍ਰਭ ਗਰੇਵਾਲ ਦਾ ਕੰਮ ਵੀ ਸਲਾਹਣਯੋਗ ਹੈ। ਲੱਕੀ ਧਾਲੀਵਾਲ, ਅੰਮ੍ਰਿਤ ਅੰਬੇ ਦੀ ਅਦਾਕਾਰੀ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀ ਹੈ। ਨਵੇਂ ਸਾਲ ਦੀ ਇਸ ਪਹਿਲੀ ਰਿਲੀਜ਼ ਹੋਈ ਫ਼ਿਲਮ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਸੰਪਰਕ: 98146-07737