ਮਨਜੀਤ ਕੌਰ ਸੱਪਲ
‘ਅੰਗਰੇਜ’ ਦੀ ਸਫਲਤਾ ਤੋਂ ਬਾਅਦ ਪੰਜਾਬੀ ਸਿਨਮਾ ਨੇ ਪੁਰਾਤਨ ਵਿਰਸੇ ਅਤੇ ਰੀਤੀ ਰਿਵਾਜਾਂ ਨੂੰ ਖੂਬ ਵਿਖਾਇਆ ਹੈ। ਇਸੇ ਦੌਰਾਨ ਪੁਰਾਤਨ ਖੇਡਾਂ ਭਲਵਾਨੀ, ਕੁਸ਼ਤੀਆਂ, ਕਬੱਡੀ ਆਦਿ ਵਿਸ਼ਿਆਂ ’ਤੇ ਵੀ ਕਈ ਫਿਲਮਾਂ ਬਣੀਆਂ ਹਨ। ਪਰ ਨਵੀਂ ਰਿਲੀਜ਼ ਫਿਲਮ ‘ਗੂੰਗਾ ਪਹਿਲਵਾਨ’ ਦੀ ਕਹਾਣੀ ਪਹਿਲੀਆਂ ਸਭ ਫਿਲਮਾਂ ਤੋਂ ਬਹੁਤ ਹਟ ਕੇ ਹੈ। ਇਹ ਫਿਲਮ ਭਲਵਾਨੀ ਦੇ ਨਾਲ ਨਾਲ ਪਰਿਵਾਰਕ ਰਿਸ਼ਤਿਆਂ ਅਤੇ ਭਾਈਚਾਰਕ ਸਾਂਝ ਨੂੰ ਵੀ ਬਾਖੂਬੀ ਪੇਸ਼ ਕਰਦੀ ਹੈ। ਇਹ ਅਜੋਕੇ ਸਮਾਜ ਵਿੱਚ ਗੂੰਗੇ ਵਿਅਕਤੀ ਦੇ ਹੌਸਲੇ ਤੇ ਲਗਨ ਦੀ ਕਹਾਣੀ ਹੈ, ਜਿਸ ਨੂੰ ਭਲਵਾਨੀ ਦਾ ਸ਼ੌਕ ਹੈ, ਪਰ ਗੂੰਗੇਪਣ ਕਰਕੇ ਲੋਕ ਉਸ ਨੂੰ ਅੱਗੇ ਵਧਣ ਨਹੀਂ ਦਿੰਦੇ। ਦੂਜੇ ਪਾਸੇ ਉਹ ਹਿੰਮਤ ਨਹੀਂ ਹਾਰਦਾ ਤੇ ਅਖ਼ੀਰ ਇੱਕ ਦਿਨ ਅਖਾੜੇ ਵਿੱਚ ਝੰਡੀ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੰਦਾ ਹੈ। ਗੂੰਗੇ ਪਹਿਲਵਾਨ ਦਾ ਕਿਰਦਾਰ ਨੀਰਜ ਕਾਂਤ ਨੇ ਨਿਭਾਇਆ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਫਿਲਮ ਖੇਤਰ ਵਿੱਚ ਸਰਗਰਮ ਹੈ।
ਪਰਮਜੀਤ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਮਾਤਾ ਨਿਰਦੇਸ਼ਕ ਸੁਖਪਾਲ ਸਿੱਧੂ ਹੈ ਜਿਸ ਨੇ ਹਮੇਸ਼ਾਂ ਸਮਾਜਿਕ ਮੁੱਦਿਆਂ ’ਤੇ ਆਧਾਰਿਤ ਫਿਲਮਾਂ ਦਾ ਨਿਰਮਾਣ ਕੀਤਾ ਹੈ। ਇਸ ਵਿੱਚ ਪੰਜਾਬੀ ਫਿਲਮਾਂ ਅਤੇ ਥੀਏਟਰ ਦੇ ਨਾਮੀਂ ਕਲਾਕਾਰਾਂ ਮਲਕੀਤ ਰੌਣੀ, ਅੰਮ੍ਰਿਤਪਾਲ ਸਿੰਘ ਬਿੱਲਾ, ਨੀਰਜ ਕਾਂਤ, ਸੁਖਪਾਲ ਸਿੱਧੂ, ਰਣਜੀਤ ਮਣੀ, ਸੰਜੀਵ ਕਲੇਰ, ਪਰਮਜੀਤ ਸਿੱਧੂ, ਮੰਜੂ ਸੇਠੀ, ਅਮਨ ਸੰਧੂ, ਮਿਸ ਗ਼ਜ਼ਲ, ਜੀਤਾ ਧੂਰੀ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ।
ਫਿਲਮ ਦੀ ਸਿਨਮੈਟੋਗ੍ਰਾਫ਼ੀ ਲੱਕੀ ਮਹਿਰਾ ਨੇ ਕੀਤੀ ਹੈ। ਫਿਲਮ ਦੇ ਗੀਤ ਰਣਜੀਤ ਮਣੀ, ਸਾਲਮ ਖ਼ਾਨ, ਰਵੀ ਹਲਵਾਰਾ ਨੇ ਗਾਏ ਹਨ। ਗੀਤ ਕੁਲਦੀਪ ਦੁੱਗਲ, ਅਜੀਤ ਸਿੰਘ ਤੇ ਜਸਦੀਪ ਸਿੱਧੂ ਨੇ ਲਿਖੇ ਹਨ। ਇਹ ਫਿਲਮ ਜਿੱਥੇ ਨੌਜਵਾਨਾਂ ਨੂੰ ਪੁਰਾਣੇ ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਦੀ ਹੈ, ਉੱਥੇ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੀ, ਨਰੋਈ ਸਿਹਤ ਬਣਾਉਣ ਦਾ ਜਜ਼ਬਾ ਪੈਦਾ ਕਰਦੀ ਹੈ।