ਨਵੀਂ ਦਿੱਲੀ, 26 ਸਤੰਬਰ
ਮਿਥੁਨ ਚਕਰਬਰਤੀ ਦੀ 1982 ਵਿੱਚ ਰਿਲੀਜ਼ ਹੋਈ ਫਿਲਮ ‘ਡਿਸਕੋ ਡਾਂਸਰ’ ਦੁਨੀਆ ਭਰ ਵਿੱਚ 100 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਪਹਿਲੀ ਭਾਰਤੀ ਫਿਲਮ ਸੀ। ਇਹ ਦਾਅਵਾ ਮਿਥੁਨ ਦੇ ਜੀਵਨ ’ਤੇ ਆਧਾਰਤ ਇੱਕ ਪੁਸਤਕ ਵਿੱਚ ਕੀਤਾ ਗਿਆ। ਰਾਮ ਕਮਲ ਮੁਖਰਜੀ ਨੇ ‘ਮਿਥੁਨ ਚਕਰਬਰਤੀ: ਦਿ ਦਾਦਾ ਆਫ ਬੌਲੀਵੁੱਡ’ ਵਿੱਚ ਕਿਹਾ ਕਿ ਇਸ ਫਿਲਮ ਨੇ 1975 ਵਿੱਚ ਆਈ ‘ਸ਼ੋਅਲੇ’ ਦਾ ਰਿਕਾਰਡ ਤੋੜਿਆ ਸੀ। ਇਸ ਦੇ ਨਾਲ ਹੀ ਬੰਗਾਲੀ ਅਦਾਕਾਰ ਨੂੰ ਹਿੰਦੀ ਫਿਲਮ ਇੰਡਸਟਰੀ ਦੇ ਸੁਪਰਸਟਾਰਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ ਸੀ। ਬੱਬਰ ਸੁਭਾਸ਼ ਦੇ ਨਿਰਮਾਣ ਅਤੇ ਨਿਰਦੇਸ਼ਨ ਹੇਠ ਬਣੀ ਫਿਲਮ ‘ਡਿਸਕੋ ਡਾਂਸਰ’ ਵਿੱਚ ਮਿਥੁਨ ਨੇ ਜਿੰਮੀ ਦੀ ਭੂਮਿਕਾ ਨਿਭਾਈ ਸੀ। ਫਿਲਮ ਦੇ ਗਾਣੇ ਵੀ ਵਿਦੇਸ਼ਾਂ ਵਿੱਚ ਮਕਬੂਲ ਹੋਏ। ਮੁਖਰਜੀ ਨੇ ਆਪਣੀ ਕਿਤਾਬ ਵਿੱਚ ਇੱਕ ਪੂਰਾ ਅਧਿਆਏ ਫਿਲਮ ਨੂੰ ਸਮਰਪਿਤ ਕਰਦਿਆਂ ਲਿਖਿਆ, ‘‘ਫਿਲਮ ਨੇ ਭਾਰਤ ਨੂੰ ਡਿਸਕੋ ਦੀ ਦੁਨੀਆ ਤੋਂ ਜਾਣੂ ਕਰਵਾਇਆ ਅਤੇ ਦਰਸ਼ਕ ਤਾਂ ਬੱਸ ਦੀਵਾਨੇ ਹੋ ਗਏ। ਮੱਧ ਏਸ਼ੀਆ, ਪੂਰਬੀ ਯੂਰੋਪ, ਰੂਸ, ਚੀਨ ਤੇ ਅਫਰੀਕਾ ਵਿੱਚ ਫਿਲਮ ਨੂੰ ਸ਼ਾਨਦਾਰ ਸਫ਼ਲਤਾ ਮਿਲੀ।’’ -ਪੀਟੀਆਈ