ਨਵੀਂ ਦਿੱਲੀ: ਪਿਛਲੇ ਦਹਾਕੇ ਤੋਂ ਹਿੰਦੀ ਫਿਲਮ ਜਗਤ ਵਿੱਚ ਲੋਹਾ ਮਨਵਾ ਰਹੇ ਅਦਾਕਾਰ ਪ੍ਰਤੀਕ ਬੱਬਰ ਦਾ ਕਹਿਣਾ ਹੈ ਕਿ 2011 ਵਿੱਚ ਰਿਲੀਜ਼ ਹੋਈ ਫਿਲਮ ‘ਧੋਬੀ ਘਾਟ’ ਉਸ ਲਈ ਮੀਲ ਪੱਥਰ ਸਿੱਧ ਹੋਈ ਹੈ। 34 ਸਾਲਾ ਅਦਾਕਾਰ ਨੇ ‘ਜਾਨੇ ਤੂੰ… ਯਾ ਜਾਨੇ ਨਾ’ ਨਾਲ ਬੌਲੀਵੁੱਡ ਵਿੱਚ ਸ਼ੁਰੂਆਤ ਕੀਤੀ ਸੀ। ਇਸ ਮਗਰੋਂ ਉਸ ਨੇ ‘ਦਮ ਮਾਰੋ ਦਮ’, ‘ਆਰਕਸ਼ਨ’, ‘ਮੁਲਕ’ ਅਤੇ ‘ਛਿਛੋਰੇ’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਉਸ ਨੇ ‘ਧੋਬੀ ਘਾਟ’ ਬਾਰੇ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਕਹਾਂਗਾ ਕਿ ‘ਧੋਬੀ ਘਾਟ’ ਮੇਰੇ ਲਈ ਮੀਲ ਪੱਥਰ ਸਿੱਧ ਹੋਈ।’’ ਸਿਆਸੀ ਆਗੂ ਰਾਜ ਬੱਬਰ ਅਤੇ ਸਵਰਗੀ ਅਦਾਕਾਰਾ ਸਮਿਤਾ ਪਾਟਿਲ ਦੇ ਪੁੱਤਰ ਨੇ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਕਿਹਾ, ‘‘ਇਸ ਸਾਲ ਮੇਰੇ ਕੁੱਝ ਪ੍ਰਾਜੈਕਟ ਰਿਲੀਜ਼ ਹੋ ਰਹੇ ਹਨ। ਉਮੀਦ ਹੈ ਕਿ ਇਹ ਲੋਕਾਂ ਵੱਲੋਂ ਸਰਾਹੇ ਜਾਣਗੇ ਅਤੇ ਮੇਰੇ ਕਰੀਅਰ ਦੀ ਦਿਸ਼ਾ ਚੰਗੇ ਪਾਸੇ ਬਦਲਣਗੇ।’’ ਉਸ ਨੇ ਦੱਸਿਆ, ‘‘ਮੈਂ ਨੈਟਫਲਿਕਸ ਨਾਲ ‘ਕੋਬਾਲਟ ਬਲੂ’ ਨਾਂ ਦੀ ਇੱਕ ਫਿਲਮ ਕਰ ਰਿਹਾ ਹਾਂ। ਇਸ ਵਿੱਚ ਮੈਂ ਮੁੱਖ ਭੂਮਿਕਾ ਨਿਭਾਵਾਂਗਾ ਅਤੇ ਕੁਝ ਨਵੇਂ ਅਦਾਕਾਰ ਮੇਰਾ ਸਾਥ ਦੇਣਗੇ। ਇਹ ਬਹੁਤ ਭਾਵਨਾਤਮਕ, ਦਿਲ ਨੂੰ ਛੂਹਣ ਅਤੇ ਦਿਲ ਤੋੜਨ ਵਾਲੀ ਪ੍ਰੇਮ ਕਹਾਣੀ ਹੈ, ਜਿਸ ਲਈ ਮੈਂ ਬਹੁਤ ਉਤਸੁਕ ਹਾਂ।’’ ‘ਕੋਬਾਲਟ ਬਲੂ’ ਸਚਿਨ ਕੁੰਡਲਕਰ ਦੇ ਨਾਵਲ ’ਤੇ ਆਧਾਰਤ ਫਿਲਮ ਹੈ। ਇਸ ਦੀ ਕਹਾਣੀ ਭਰਾ-ਭੈਣ ਦੁਆਲੇ ਘੁੰਮਦੀ ਹੈ, ਜੋ ਇੱਕੋ ਲੜਕੇ ਨਾਲ ਪਿਆਰ ਕਰ ਬਹਿੰਦੇ ਹਨ। ਇਸ ਮਗਰੋਂ ਵਾਪਰਦੀਆਂ ਘਟਨਾਵਾਂ ਮਰਾਠੀ ਪਰਿਵਾਰ ਨੂੰ ਬਰਬਾਦ ਕਰ ਦਿੰਦੀਆਂ ਹਨ। -ਆਈਏਐੱਨਐੱਸ