ਮੁੰਬਈ: ਅਦਾਕਾਰ ਤੇ ਫਿਲਮ ਨਿਰਮਾਤਾ ਕੈਨੇਥ ਬ੍ਰੈਨਾਗ ਦੀ ‘ਡੈੱਥ ਆਨ ਦਿ ਨਾਈਲ’ 11 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਵੱਲੋਂ ਅੱਜ ਸਾਂਝੀ ਕੀਤੀ ਗਈ। ਇਹ ਰਹੱਸਮਈ ਥ੍ਰਿਲਰ 1937 ਵਿੱਚ ਇਸੇ ਨਾਮ ਹੇਠ ਛਪੇ ਅਗਾਥਾ ਕ੍ਰਿਸਟੀ ਦੇ ਨਾਵਲ ’ਤੇ ਆਧਾਰਿਤ ਹੈ ਤੇ ਬ੍ਰੈਨਾਗ ਵੱਲੋਂ 2017 ਵਿੱਚ ਬਣਾਈ ਫਿਲਮ ‘ਦਿ ਮਰਡਰ ਆਨ ਦਿ ਓਰੀਐਂਟ ਐਕਸਪ੍ਰੈੱਸ’ ਦੀ ਅਗਲੀ ਕੜੀ ਹੈ। ਮੁੱਖ ਤੌਰ ’ਤੇ ‘ਡੈੱਥ ਆਨ ਦਿ ਨਾਈਲ’ ਦੀ ਕਹਾਣੀ ਅੰਨ੍ਹੇ ਜਨੂੰਨ ਤੇ ਵੱਸੋਂ ਬਾਹਰੀ ਈਰਖਾ ਦੀ ਕਹਾਣੀ ਹੈ ਜਿਸ ਕਾਰਨ ਇਕ ਕੇਸ ਵਿੱਚ ਉਲਝੇ ਯਾਤਰੀ ਸ਼ੱਕ ਦੇ ਘੇਰੇ ਵਿੱਚ ਆ ਜਾਂਦੇ ਹਨ। ਟਵੈਲਥ ਸੈਂਚੁਰੀ ਸਟੂਡੀਓਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਸ ਫਿਲਮ ਦਾ ਹਿੰਦੀ ਟਰੇਲਰ ਅਤੇ ਰਿਲੀਜ਼ ਮਿਤੀ ਸਾਂਝੀ ਕੀਤੀ ਹੈ। ਇਸ ਦੇ ਨਾਲ ਲਿਖੇ ਸੰਦੇਸ਼ ਵਿੱਚ ਲਿਖਿਆ ਹੈ, ‘ਇਨ੍ਹਾਂ ਵਿੱਚੋਂ ਇੱਕ ਕਾਤਲ ਹੈ, ਪਤਾ ਕਰੋ ਕੌਣ! ਵੇਖੋ #ਡੈੱਥਆਨਦਿਨਾਈਲ ਸਿਨੇਮਾਘਰਾਂ ਵਿੱਚ, 11 ਫਰਵਰੀ, ਅੰਗਰੇਜ਼ੀ ਅਤੇ ਹਿੰਦੀ ਵਿੱਚ।’ ਜ਼ਿਕਰਯੋਗ ਹੈ ਕਿ ਇਸ ਫਿਲਮ ਵਿੱਚ ਅਲੀ ਫਜ਼ਲ, ਆਰਮੀ ਹੈਮਰ, ਗੈਲ ਗੈਡਟ, ਲਾਤੀਸ਼ੀਆ ਰਾਈਟ, ਐਨੇਟ ਬੈਨਿੰਗ, ਰੋਜ਼ ਲੈਜ਼ਲੀ, ਰੱਸਲ ਬ੍ਰਾਂਡ ਤੇ ਐਮਾ ਮੈਕੀ ਵੱਖ ਵੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। -ਪੀਟੀਆਈ