ਮੁੰਬਈ , 13 ਜੁਲਾਈ
‘ਬਿੱਗ ਬੌਸ’ ਸਟਾਰ ਅਤੇ ਮਾਡਲ ਆਸਿਮ ਰਿਆਜ਼ ਦਾ ਕਹਿਣਾ ਹੈ ਕਿ ਇਸ ਰਿਐਲਿਟੀ ਸ਼ੋਅ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਹੈ। 2019 ਵਿੱਚ ਪ੍ਰਸਾਰਿਤ ਹੋਏ ਸ਼ੋਅ ਦੇ 13ਵੇਂ ਸੀਜ਼ਨ ਦੌਰਾਨ ਪ੍ਰਸ਼ੰਸਾ ਖੱਟਣ ਵਾਲਾ ਆਸਿਮ ਸ਼ੋਅ ਦੌਰਾਨ ਹੀ ਆਪਣੀ ਪ੍ਰੇਮਿਕਾ ਹਿਮਾਂਸ਼ੀ ਖੁਰਾਨਾ ਨੂੰ ਮਿਲਿਆ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਹ ਕਈ ਸੰਗੀਤ ਵੀਡੀਓਜ਼ ਵਿੱਚ ਕੰਮ ਕਰ ਚੁੱਕਾ ਹੈ, ਜਿਨ੍ਹਾਂ ਵਿੱਚ ‘ਕੱਲਾ ਸੋਹਣਾ ਨਈਂ’ ਅਤੇ ਉਸ ਦੀ ਪਹਿਲੀ ਰੈਪ ਐਲਬਮ ‘ਬੈਕ ਟੂ ਸਟਾਰਟ’ ਸ਼ਾਮਲ ਹਨ। ਹੁਣ ਉਹ ਨਵਾਂ ਟਰੈਕ ‘ਸਕਾਈ ਹਾਈ’ ਲੈ ਕੇ ਹਾਜ਼ਰ ਹੋਇਆ ਹੈ, ਜਿਸ ਵਿੱਚ ਹਿਮਾਂਸ਼ੀ ਵੀ ਉਸ ਦੇ ਨਾਲ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਆਪਣੀ ਜ਼ਿੰਦਗੀ ਵਿੱਚ ‘ਬਿੱਗ ਬੌਸ 13’ ਨੂੰ ਗੇਮ ਚੇਂਜਰ ਮੰਨਦਾ ਹੈ ਤਾਂ ਉਸ ਨੇ ਕਿਹਾ, ‘ਸੌ ਫ਼ੀਸਦ, ਬਿੱਗ ਬੌਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਂ ਇਹ ਮੌਕਾ ਮਿਲਣ ਅਤੇ ਆਪਣੇ ’ਤੇ ਵਿਸ਼ਵਾਸ ਕਰਨ ਲਈ ਧੰਨਵਾਦੀ ਹਾਂ।’ ਉਸ ਨੇ ਕਿਹਾ ਕਿ ਉਹ ਇਸ ਸ਼ੋਅ ਨੂੰ ਕਦੇ ਨਹੀਂ ਭੁੱਲੇਗਾ ਅਤੇ ਆਪਣੇ ਪ੍ਰਸ਼ੰਸਕਾਂ ਦਾ ਆਪਣੇ ’ਤੇ ਵਿਸ਼ਵਾਸ ਰੱਖਣ ਲਈ ਧੰਨਵਾਦ ਕਰਦਾ ਹੈ। ਉਸ ਨੇ ਕਿਹਾ, ‘ਮੇਰੇ ’ਤੇ ਵਿਸ਼ਵਾਸ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਅਤੇ ਮੈਂ ਆਸ ਕਰਦਾ ਹਾਂ ਕਿ ਮੈਂ ਉਸ ’ਤੇ ਖ਼ਰਾ ਉਤਰਾਂ। -ਆਈਏਐੱਨਐੱਸ