ਮੁੰਬਈ: ਫਰਾਂਸ ਦੇ ਨਾਂਤ ਵਿੱਚ 19 ਨਵੰਬਰ ਤੋਂ 27 ਨਵੰਬਰ ਤੱਕ ਹੋਣ ਵਾਲੇ 44ਵੇਂ ‘ਦੇਸ 3 ਕੌਂਟੀਨੈਂਟਸ’ ਫੈਸਟੀਵਲ ਵਿੱਚ ਵੱਖ-ਵੱਖ ਸ਼੍ਰੇਣੀ ਦੀਆਂ 70ਵਿਆਂ ਅਤੇ 80 ਵਿਆਂ ਦੀਆਂ 14 ਭਾਰਤੀ ਫ਼ਿਲਮਾਂ ਦਾ ਸੰਗ੍ਰਹਿ ਦਿਖਾਇਆ ਜਾਵੇਗਾ। ਜਾਣਕਾਰੀ ਅਨੁਸਾਰ ਇਸ ਦੌਰਾਨ ਰਿਤਵਿਕ ਘਟਕ, ਅਰਵਿੰਦਨ ਗੋਵਿੰਦਨ, ‘ਅੰਮਾ ਆਰੀਅਨ’ ਦੇ ਨਿਰਦੇਸ਼ਕ ਜੌਹਨ ਅਬਰਾਹਮ ਅਤੇ ਸਈਦ ਅਖਤਰ ਮਿਰਜ਼ਾ ਵਰਗੇ ਭਾਰਤੀ ਫਿਲਮਸਾਜ਼ਾਂ ਦੀਆਂ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਫਿਲਮ ਮੇਲੇ ਵਿੱਚ ਦਿਖਾਈਆਂ ਜਾਣ ਵਾਲੀਆਂ ਫਿਲਮਾਂ ਵਿੱਚ ‘ਥੰਪ’, ‘ਕੁਮੱਟੀ’, ‘ਅਗ੍ਰਹਰਥਿਲ ਕਜ਼ੂਤਈ’, ‘ਅੰਮਾ ਅਰੀਅਨ, ‘ਥਾਨੀਰ ਥਾਨੀਰ’, ‘ਤਿਤਾਸ਼ ਏਕਤੀ ਨਾਦਿਰ ਨਾਮ’, ‘ਅਸ਼ਾੜ ਕਾ ਏਕ ਦਿਨ’, ‘ਖੰਡਹਰ’, ‘ਓਮ-ਦਰ-ਬ-ਦਰ’, ‘ਹੂੰ ਹੁੰਸ਼ੀ ਹੁੰਸ਼ੀਲਾਲ’, ‘36 ਚੌਰੰਗੀ ਲੇਨ’, ‘ਉਤਸਵ’, ‘ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ’ ਅਤੇ ‘ਦਿਸ਼ਾ’ ਸ਼ਾਮਲ ਹਨ। ਇਸ ਸਬੰਧੀ ਫਿਲਮਸਾਜ਼ ਅਤੇ ਲੇਖਕ ਸਈਦ ਅਖਤਰ ਮਿਰਜ਼ਾ ਨੇ ਕਿਹਾ, ‘‘ਮੈਨੂੰ ਮਾਣ ਹੈ ਕਿ ਮੇਰੀ ਫਿਲਮ ‘ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ’ ਫਰਾਂਸ ਦੇ ਫਿਲਮ ਮੇਲੇ ਵਿੱਚ ਦਿਖਾਉਣ ਲਈ ਚੁਣੀ ਗਈ ਹੈ। ਫਿਲਮ ਰਿਲੀਜ਼ ਹੋਣ ਤੋਂ 44 ਸਾਲ ਬਾਅਦ ਮੈਂ ਆਪਣੀ ਫਿਲਮ ਕੌਮਾਂਤਰੀ ਦਰਸ਼ਕਾਂ ਨੂੰ ਦਿਖਾਏ ਜਾਣ ਤੋਂ ਬਹੁਤ ਖੁਸ਼ ਹਾਂ। ਇਸ ਫਿਲਮ ਮੇਲੇ ਵਿੱਚ ਉੱਚ ਦਰਜੇ ਦੀਆਂ ਫਿਲਮਾਂ ਦਿਖਾਈਆਂ ਜਾਂਦੀਆਂ ਹਨ।’’ ਇਸ ਸਾਲ ਭਾਰਤ ਵੱਲੋਂ ਸ਼ਿਵੇਂਦਰ ਸਿੰਘ, ਸਈਦ ਅਖਤਰ ਮਿਰਜ਼ਾ, ਸਈ ਪਰਾਂਜਪੇ ਅਤੇ ਸੰਜੀਵ ਸ਼ਾਹ ਦਾ ਵਫਦ ਫਿਲਮਾਂ ਦਿਖਾਉਣ ਫਰਾਂਸ ਜਾ ਰਿਹਾ ਹੈ। -ਆਈਏਐੱਨਐੱਸ