ਕੁਲਦੀਪ ਸਿੰਘ ਰਾਮਨਗਰ
ਜ਼ਿੰਦਗੀ ਬਾਰੇ ਲੋਕਾਂ ਦੀ ਅਲੱਗ ਅਲੱਗ ਸੋਚ ਹੋ ਸਕਦੀ ਹੈ। ਇਹ ਸੋਚ ਉਨ੍ਹਾਂ ਦੇ ਰਹਿਣ ਸਹਿਣ, ਅਮੀਰੀ ਗਰੀਬੀ, ਦੇਸ਼ ਅਤੇ ਵਿਚਾਰਧਾਰਾ ’ਤੇ ਨਿਰਭਰ ਕਰਦੀ ਹੈ। ਜਿਵੇਂ ਕਿ ਬੱਚਿਆਂ ਲਈ ਜ਼ਿੰਦਗੀ ਇੱਕ ਖੇਡ ਹੈ, ਨੌਜਵਾਨਾਂ ਲਈ ਜ਼ਿੰਦਗੀ ਇੱਕ ਗੀਤ ਵੀ ਹੈ। ਇਸੇ ਤਰ੍ਹਾਂ ਕੋਈ ਜ਼ਿੰਦਗੀ ਨੂੰ ਕਲਾ ਦੱਸਦਾ ਹੈ, ਕੋਈ ਤਪੱਸਿਆ, ਕੋਈ ਜੱਦੋ- ਜਹਿਦ ਦੱਸਦਾ ਹੈ ਅਤੇ ਕੋਈ ਸਫ਼ਰ ਦਾ ਨਾਂ ਦਿੰਦਾ ਹੈ। ਕੋਈ ਜ਼ਿੰਦਗੀ ਨੂੰ ਗਲ਼ ਪਏ ਢੋਲ ਨੂੰ ਵਜਾਉਣਾ ਕਹਿੰਦਾ ਹੈ। ਕੋਈ ਇਸ ਨੂੰ ਜ਼ਿੰਦਾਦਿਲੀ ਵੱਜੋਂ ਸਨਮਾਨਦਾ ਹੈ। ਕੋਈ ਕਰਮਾਂ ਦਾ ਫ਼ਲ, ਕੋਈ ਕੰਡਿਆਂ ਦੀ ਸੇਜ। ਗੱਲ ਕੀ ਜ਼ਿੰਦਗੀ ਦੇ ਸਬੰਧ ਵਿੱਚ ਅਣਗਿਣਤ ਧਾਰਨਾਵਾਂ ਹਨ। ਫਿਰ ਵੀ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਦੇ ਵਿਚਕਾਰ, ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢਾਪਾ ਆਦਿ ਤੱਕ ਦਾ ਸਫ਼ਰ ਤੈਅ ਕਰਦਿਆਂ ਜਿਹੜਾ ਸਮਾਂ ਆ ਜਾਂਦਾ ਹੈ, ਓਹੀ ਜ਼ਿੰਦਗੀ ਹੈ।
ਜ਼ਿੰਦਗੀ ਇੱਕ ਛੋਟਾ ਜਿਹਾ ਸ਼ਬਦ ਆਪਣੇ ਆਪ ਵਿੱਚ ਬਹੁਤ ਡੂੰਘੇ ਅਰਥ ਸਮੋਈ ਬੈਠਾ ਹੈ। ਜ਼ਿੰਦਗੀ ਨਾਂ ਹੈ ਦੁੱਖਾਂ ਅਤੇ ਸੁੱਖਾਂ ਦਾ, ਪਿਆਰ ਅਤੇ ਤਕਰਾਰ ਦਾ, ਦੋਸਤੀ ਅਤੇ ਚਾਹਤ ਦਾ, ਖੁਸ਼ੀਆਂ ਅਤੇ ਗ਼ਮੀਆਂ ਦਾ, ਪਾਉਣ ਅਤੇ ਗਵਾਉਣ ਦਾ, ਰੁੱਸਣ ਅਤੇ ਮਨਾਉਣ ਦਾ, ਆਸ਼ਾ ਅਤੇ ਨਿਰਾਸ਼ਾ ਦਾ ਇੱਕ ਸੰਗਮ ਹੈ।
ਮਨੋਵਿਗਿਆਨੀਆਂ ਨੇ ਵੀ ਵਿਗਿਆਨਿਕ ਆਧਾਰ ’ਤੇ ਤਜਰਬੇ ਕਰਕੇ ਵਾਰ ਵਾਰ ਸਿੱਧ ਕੀਤਾ ਹੈ ਸਕਾਰਾਤਮਕ ਸੋਚ, ਮਿਹਨਤ, ਪ੍ਰਤੀਬੱਧਤਾ, ਲਗਨ, ਦ੍ਰਿੜ੍ਹ ਵਿਸ਼ਵਾਸ ਦੇ ਸਾਹਮਣੇ ਸਭ ਮੁਸੀਬਤਾਂ ਸਿਰ ਝੁਕਾ ਦਿੰਦੀਆਂ ਹਨ ਅਤੇ ਅਜਿਹੇ ਮਨੁੱਖ ਦਾ ਕੁਦਰਤ ਵੀ ਸਾਥ ਦੇਣ ਲੱਗਦੀ ਹੈ। ਕਿਸੇ ਸ਼ਾਇਰ ਨੇ ਕਿੰਨਾ ਖੂਬ ਲਿਖਿਆ ਹੈ:
ਖੁਦੀ ਕੋ ਕਰ ਬੁਲੰਦ ਇਤਨਾ
ਕਿ ਹਰ ਤਦਬੀਰ ਸੇ ਪਹਿਲੇ
ਖੁਦਾ ਬੰਦੇ ਸੇ ਖੁਦ ਪੂਛੇ
ਬਤਾ ਤੇਰੀ ਰਜ਼ਾ ਕਿਆ ਹੈ।
ਜ਼ਿੰਦਗੀ ਜਿਉਣਾ ਵੀ ਇੱਕ ਕਲਾ ਹੈ, ਕਲਾ ਹੀ ਨਹੀਂ ਸਗੋਂ ਇੱਕ ਤਪੱਸਿਆ ਹੈ। ਜੀਵਨ ਅੱਗੇ ਵਧਣ ਦਾ ਸਿਧਾਂਤ ਹੈ, ਸਥਿਰ ਰਹਿਣ ਦਾ ਨਹੀਂ। ਜ਼ਿੰਦਗੀ ਜਿਉਣਾ ਹੋਰ ਗੱਲ ਹੈ ਅਤੇ ਭੋਗਣਾ ਹੋਰ। ਜ਼ਿੰਦਗੀ ਜਿਉਣ ਵਾਲੇ ਬੰਦੇ ਉਹ ਹੁੰਦੇ ਹਨ ਜੋ ਆਪਣੀ ਜ਼ਿੰਦਗੀ ਦੇ ਮਾਲਕ ਆਪ ਹੁੰਦੇ ਹਨ। ਆਪ ਇਸ ਨੂੰ ਸੇਧ ਦਿੰਦੇ ਹਨ, ਮਕਸਦ ਦਿੰਦੇ ਹਨ। ਇਸ ਵਿੱਚ ਰੰਗ ਭਰਦੇ ਹਨ। ਜ਼ਿੰਦਗੀ ਭੋਗਣ ਜਾਂ ਕੱਟਣ ਵਾਲੇ ਉਹ ਇਨਸਾਨ ਹੁੰਦੇ ਹਨ ਜਿਨ੍ਹਾਂ ਨੂੰ ਜ਼ਿੰਦਗੀ ਆਪ ਚਲਾਉਂਦੀ ਹੈ। ਕਦੇ ਰੁਆਉਂਦੀ, ਕਦੇ ਹੱਸਾਉਂਦੀ ਹੈ। ਉਹ ਜ਼ਿੰਦਗੀ ਦੇ ਗੁਲਾਮ ਬਣੇ ਰਹਿੰਦੇ ਹਨ। ਆਪਣੀ ਮੰਦਹਾਲੀ ਲਈ ਕਰਮਾਂ ਨੂੰ ਜਾਂ ਰੱਬ ਨੂੰ ਬੁਰਾ ਭਲਾ ਕਹਿੰਦੇ ਰਹਿੰਦੇ ਹਨ।
ਜ਼ਿੰਦਗੀ ਵਿੱਚ ਦੁਖ ਸੁਖ ਨਾਲ ਨਾਲ ਚੱਲਦੇ ਹਨ। ਦੁੱਖਾਂ ਵਿੱਚ ਸਾਨੂੰ ਘਬਰਾਉਣਾ ਨਹੀਂ ਚਾਹੀਦਾ, ਸਗੋਂ ਹਿੰਮਤ ਅਤੇ ਦਲੇਰੀ ਨਾਲ ਜ਼ਿੰਦਗੀ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇੱਕ ਵਾਰ ਕਿਸੇ ਬੰਦੇ ਨੇ ਇੱਕ ਸਾਧੂ ਨੂੰ ਸਵਾਲ ਕੀਤਾ ਕਿ ਕੋਈ ਅਜਿਹਾ ਵਚਨ ਕਰੋ ਜਿਸ ਨਾਲ ਆਤਮ ਵਿਸ਼ਵਾਸ ਮਜ਼ਬੂਤ ਹੋਵੇ ਤਾਂ ਉਸ ਸਿੱਧ ਪੁਰਖ ਨੇ ਜਵਾਬ ਦਿੱਤਾ, ‘ਇਹ ਸਮਾਂ ਵੀ ਗੁਜ਼ਰ ਜਾਵੇਗਾ।’ ਸੱਚਮੁੱਚ ਉਸ ਭਲੇ ਪੁਰਖ ਦਾ ਜਵਾਬ ਬਹੁਤ ਕਮਾਲ ਦਾ ਸੀ। ਸੁੱਖ ਵਿੱਚ ਵਿਅਕਤੀ ਨੂੰ ਆਪਣੇ ਪੈਰ ਨਹੀਂ ਛੱਡਣੇ ਚਾਹੀਦੇ ਅਤੇ ਦੁੱਖ ਵਿੱਚ ਹਿੰਮਤ। ਚੰਗਾ ਅਤੇ ਮਾੜਾ ਸਮਾਂ ਨਾਲ ਨਾਲ ਚੱਲਦਾ ਹੈ। ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਲੋਕ ਆਪਣੇ ਜੀਵਨ ਨੂੰ ਲੰਮਾ ਕਰਨਾ ਤਾਂ ਚਾਹੁੰਦੇ ਹਨ, ਪਰ ਸੁਧਾਰਨਾ ਨਹੀਂ। ਇੱਥੇ ਸਵਾਲ ਇਹ ਨਹੀਂ ਕਿ ਅਸੀਂ ਕਿੰਨਾ ਚਿਰ ਜਿਉਂਦੇ ਹਾਂ। ਸਵਾਲ ਇਹ ਹੈ ਕਿ ਅਸੀਂ ਕਿਵੇਂ ਜਿਉਂਦੇ ਹਾਂ। ਜ਼ਿੰਦਗੀ ਭਾਵੇਂ ਥੋੜ੍ਹੀ ਹੀ ਕਿਉਂ ਨਾ ਹੋਵੇ, ਪਰ ਚੰਗੀ ਹੋਣੀ ਚਾਹੀਦੀ ਹੈ, ਯਾਨੀ:
ਦੋ ਪੈਰ ਘੱਟ ਤੁਰਨਾ, ਪਰ ਤੁਰਨਾ ਮੜਕ ਦੇ ਨਾਲ।
ਦੋ ਦਿਨ ਘੱਟ ਜੀਵਣਾ, ਪਰ ਜੀਵਣਾ ਮੜਕ ਦੇ ਨਾਲ।
ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ। ਦੁੱਖ ਅਤੇ ਸੁੱਖ ਜ਼ਿੰਦਗੀ ਵਿੱਚ ਨਾਲ ਨਾਲ ਚੱਲਦੇ ਹਨ, ਪਰ ਜ਼ਿੰਦਗੀ ਨੂੰ ਘਟੀਆ ਬਣਾਉਣਾ ਮਨੁੱਖ ਦੇ ਆਪਣੇ ਹੱਥ ਹੁੰਦਾ ਹੈ। ਕਈ ਲੋਕ ਛੋਟੀਆਂ ਛੋਟੀਆਂ ਗੱਲਾਂ ਵਿੱਚ ਵੀ ਵੱਡੀਆਂ ਖੁਸ਼ੀਆਂ ਦੀ ਤਲਾਸ਼ ਕਰ ਲੈਂਦੇ ਹਨ ਅਤੇ ਕਈ ਵੱਡੀਆਂ ਖੁਸ਼ੀਆਂ ਨੂੰ ਵੀ ਅਜਾਈਂ ਗਵਾ ਦਿੰਦੇ ਹਨ। ਜੋ ਕੁਝ ਕੋਲ ਮੌਜੂਦ ਹੈ ਉਸ ਨੂੰ ਮਾਣਨ ਦੀ ਥਾਂ, ਜੋ ਕੋਲ ਨਹੀਂ ਹੈ, ਦਾ ਰੋਣਾ ਰੋਂਦੇ ਰਹਿੰਦੇ ਹਨ। ਵਕਤ ਅਤੇ ਕਿਸਮਤ ਨੂੰ ਕੋਸਦੇ ਰਹਿੰਦੇ ਹਨ। ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਸਫਲ ਹੋਣ ਦੀ ਲੋਚਾ ਰੱਖਦਾ ਹੈ। ਕੋਈ ਬੰਦਾ ਅਸਫਲ ਨਹੀਂ ਹੋਣਾ ਚਾਹੁੰਦਾ। ਕਈ ਲੋਕ ਜ਼ਿੰਦਗੀ ਵਿੱਚ ਸਫਲਤਾ ਦੀਆਂ ਕਹਾਣੀਆਂ ਸਿਰਜ ਜਾਂਦੇ ਹਨ ਅਤੇ ਕਈ ਹੱਥ ਮਲਦੇ ਰਹਿ ਜਾਂਦੇ ਹਨ। ਕਈਆਂ ਦੇ ਦਰਵਾਜ਼ੇ ’ਤੇ ਸਫਲਤਾ ਵਾਰ ਵਾਰ ਦਸਤਕ ਦਿੰਦੀ ਹੈ ਅਤੇ ਕਈਆਂ ਕੋਲੋਂ ਸਫਲਤਾ ਮੂੰਹ ਮੋੜ ਕੇ ਲੰਘ ਜਾਂਦੀ ਹੈ। ਕਈ ਲੋਕਾਂ ਨਾਲ ਸਫਲਤਾ ਪਰਛਾਵਾਂ ਬਣ ਕੇ ਚੱਲਦੀ ਹੈ ਅਤੇ ਕਈਆਂ ਨੂੰ ਸਫਲਤਾ ਖੁਆਬਾਂ ਵਿੱਚ ਵੀ ਨਸੀਬ ਨਹੀਂ ਹੁੰਦੀ। ਅਜਿਹੀ ਸਥਿਤੀ ਵਿੱਚ ਮਨੁੱਖ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ।
ਜੇਕਰ ਅਸੀਂ ਅਸਫਲ ਵੀ ਹੁੰਦੇ ਹਾਂ ਤਾਂ ਸਾਨੂੰ ਇਸ ਨੂੰ ਵੀ ਸਕਾਰਾਤਮਕ ਪੱਖ ਤੋਂ ਕਬੂਲਣਾ ਚਾਹੀਦਾ ਹੈ। ਅਸਫਲਤਾ ਤੋਂ ਨਿਰਾਸ਼ ਹੋ ਕੇ ਯਤਨ ਨਹੀਂ ਛੱਡਣੇ ਚਾਹੀਦੇ। ਜੇਕਰ ਅਸੀਂ ਅਸਫਲ ਵੀ ਰਹਿੰਦੇ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕੁਝ ਵੀ ਪ੍ਰਾਪਤ ਨਹੀਂ ਕੀਤਾ। ਇਸ ਤੋਂ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਅਸੀਂ ਮੰਜ਼ਿਲ ਪ੍ਰਾਪਤੀ ਤੋਂ ਕਿੰਨੀ ਦੂਰ ਹਾਂ। ਜਿੰਨੇ ਕਦਮ ਅਸੀਂ ਸਫਲਤਾ ਵਾਲ ਜਾਣ ਨੂੰ ਪੁੱਟੇ ਹਨ, ਉਹ ਆਉਣ ਵਾਲੇ ਸਮੇਂ ਵਿੱਚ ਸਾਡੀ ਬਣਨ ਵਾਲੀ ਸਫਲਤਾ ਦੀਆਂ ਨੀਹਾਂ ਵਿੱਚ ਇੱਟਾਂ ਦਾ ਕੰਮ ਕਰਨਗੇ। ਇਸ ਲਈ ਹਿੰਮਤ ਦਾ ਪੱਲਾ ਕਦੇ ਨਾ ਛੱਡੋ।
ਹਾਸ਼ਮ ਫਤਿਹ ਨਸੀਬ ਓਹਨਾਂ ਨੂੰ
ਜਿਨ੍ਹਾਂ ਹਿੰਮਤ ਯਾਰ ਬਣਾਈ।
ਜ਼ਿੰਦਗੀ ਇੱਕ ਅਮਲੀ ਜਾਮਾ ਹੈ। ਇੱਕ ਰੰਗਮੰਚ ਹੈ। ਹਰ ਇਨਸਾਨ ਇਸ ਦੁਨੀਆ ਰੂਪੀ ਰੰਗਮੰਚ ਉੱਤੇ ਆਪਣਾ ਰੋਲ ਅਦਾ ਕਰਨ ਲਈ ਆਉਂਦਾ ਹੈ ਅਤੇ ਚਲਾ ਜਾਂਦਾ ਹੈ। ਇਸ ਲਈ ਸਾਨੂੰ ਹਰ ਰੋਲ ਬਾਖੂਬੀ ਨਿਭਾਉਣਾ ਚਾਹੀਦਾ ਹੈ।
ਪੈਸੇ ਨਾਲ ਕਦੇ ਵੀ ਜ਼ਿੰਦਗੀ ਦੀਆਂ ਖੁਸ਼ੀਆਂ ਨਹੀਂ ਖਰੀਦੀਆਂ ਜਾ ਸਕਦੀਆਂ। ਮੈਂ ਬਹੁਤ ਵਾਰੀ ਬਿਨਾਂ ਛੱਤ ਤੋਂ ਅਤੇ ਰਾਤ ਨੂੰ ਭੁੱਖਾ ਸੌਣ ਵਾਲਿਆਂ ਨੂੰ ‘ਜ਼ਿੰਦਗੀ ਜ਼ਿੰਦਾਬਾਦ’ ਕਹਿੰਦੇ ਸੁਣਿਆ ਹੈ। ਆਓ, ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾ ਕੇ ਜੀਵਨ ਬਤੀਤ ਕਰੀਏ ਤਾਂ ਕਿ ਅਸੀਂ ਵੀ ਕਹਿ ਸਕੀਏ ‘ਜ਼ਿੰਦਗੀ ਜ਼ਿੰਦਾਬਾਦ।’
ਸੰਪਰਕ: 94179-90040