ਨਿੱਜੀ ਪੱਤਰ ਪ੍ਰੇਰਕ/ ਪੱਤਰ ਪ੍ਰੇਰਕ
ਸੰਗਰੂਰ, 19 ਮਈ
ਫਾਸ਼ੀ ਹਮਲੇ ਵਿਰੋਧੀ ਫਰੰਟ ਪੰਜਾਬ ਵੱਲੋਂ ਜ਼ੋਨ ਪੱਧਰੀ ਕਨਵੈਨਸ਼ਨ ਸਥਾਨਕ ਮਨਸਾ ਦੇਵੀ ਮੰਦਰ ਹਾਲ ਵਿਖੇ ਕਰਵਾਈ ਗਈ, ਜਿਸਨੂੰ ਆਰ.ਐੱਮ.ਪੀ.ਆਈ. ਦੇ ਆਗੂ ਪ੍ਰੋ. ਜੈਪਾਲ ਸਿੰਘ, ਸੀਪੀਆਈ ਦੇ ਸੂਬਾ ਆਗੂ ਨਿਰਮਲ ਸਿੰਘ ਧਾਲੀਵਾਲ, ਸੀਪੀਆਈ (ਐੱਮ ਐੱਲ) ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਦਰਸ਼ਨ ਸਿੰਘ ਖਟਕੜ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਆਗੂ ਨਰਾਇਣ ਦੱਤ, ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਆਗੂ ਸੁਖਦਰਸ਼ਨ ਸਿੰਘ ਨੱਤ, ਐੱਮਸੀਪੀਆਈ( ਯੂ) ਦੇ ਕਿਰਨਜੀਤ ਸੇਖੋਂ ਨੇ ਸੰਬੋਧਨ ਕੀਤਾ। ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਦੇਸ਼ ਵਿੱਚ ਫ਼ਿਰਕੂ ਏਜੰਡੇ ਤੋਂ ਅੱਗੇ ਵਧਦੀ ਹੋਈ ਫਾਸ਼ੀਵਾਦੀ ਹਮਲੇ ਕਰ ਰਹੀ ਹੈ। ਇਸ ਨਾਲ ਭਾਰਤ ਤਬਾਹੀ ਦੇ ਕੰਢੇ ’ਤੇ ਜਾ ਖੜਾ ਹੈ। ਮੋਦੀ ਹਕੂਮਤ ਨੇ ਪਹਿਲਾ ਹੱਲਾ ਜੰਮੂ ਕਸ਼ਮੀਰ ਨੂੰ ਤੋੜ ਕੇ ਉਸ ਨੂੰ ਦੋ ਸੂਬਿਆਂ ਵਿੱਚ ਵੰਡ ਦਿੱਤਾ ਅਤੇ ਉਸ ਤੋਂ ਬਾਅਦ ਦੇਸ਼ ਵਿੱਚ ਅਜਿਹੇ ਜਨ ਘਾਤਕ ਕਾਨੂੰਨ ਬਣਾ ਕੇ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ ਭਾਈਚਾਰੇ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਹਨ। ਭਾਖੜਾ ਡੈਮ ’ਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨਾ, ਸਿਟਕੋ ਵਿੱਚੋਂ ਪੰਜਾਬ ਦਾ ਹੱਕ ਖੋਹਣਾ, ਚੰਡੀਗੜ੍ਹ ’ਚੋਂ ਪੰਜਾਬ ਦੇ ਮੁਲਾਜ਼ਮਾਂ ਦੇ ਅਧਿਕਾਰ ਖ਼ਤਮ ਕਰਨਾ ਮੋਦੀ ਹਕੂਮਤ ਦਾ ਫੈਡਰਲ ਢਾਂਚੇ ਉੱਪਰ ਸਿੱਧਾ ਹਮਲਾ ਹੈ। ਫਾਸ਼ੀ ਹਮਲੇ ਵਿਰੋਧੀ ਫਰੰਟ ਨੇ ਫ਼ੈਸਲਾ ਕੀਤਾ ਕਿ ਪੰਜਾਬ ਵਿੱਚ ਜਲੰਧਰ ਵਿੱਚ ਸੂਬਾਈ ਕਨਵੈਨਸ਼ਨ ਕਰਨ ਤੋਂ ਬਾਅਦ ਜ਼ੋਨਲ ਕਨਵੈਨਸ਼ਨਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਦਿਆਂ ਅਗਲੇ ਪੜਾਅ ਵਜੋਂ ਸੂਬਾਈ ਪੱਧਰ ’ਤੇ ਮਹਾ ਰੈਲੀ ਹੋਵੇਗੀ। ਪ੍ਰੋਗਰਾਮ ਦੀ ਪ੍ਰਧਾਨਗੀ ਰਾਜਿੰਦਰ ਪਾਲ, ਗੁਰਮੁਖ ਸਿੰਘ, ਨਿਰੰਜਣ ਸਿੰਘ ਸਫੀਪੁਰ, ਸੁਖਦੇਵ ਸ਼ਰਮਾ, ਗੋਬਿੰਦ ਸਿੰਘ ਛਾਜਲੀ, ਉੱਦਮ ਸਿੰਘ ਸੰਤੋਖਪੁਰਾ ਨੇ ਕੀਤੀ।