ਬੀਰਬਲ ਰਿਸ਼ੀ
ਸ਼ੇਰਪੁਰ, 7 ਜੁਲਾਈ
ਪੰਜਾਬ ਸਰਕਾਰ ਦਾ ਧਿਆਨ ਆਪਣੀਆਂ ਮੰਗਾਂ ਵੱਲ ਖਿੱਚਣ ਲਈ ਪਟਵਾਰੀਆਂ ਨੇ ਆਪਣੇ ਵਾਧੂ ਸਰਕਲ ਛੱਡ ਦਿੱਤੇ ਹਨ, ਜਿਸ ਕਰਕੇ ਤਕਰੀਬਨ ਪਟਵਾਰੀਆਂ ਤੋਂ ਸੱਖਣੇ ਹੋਏ ਪਿੰਡਾਂ ਦੇ ਜ਼ਮੀਨੀ ਕੰਮ ਜਾਮ ਹੋ ਗਏ ਹਨ ਤੇ ਸਰਕਾਰੀ ਭਰਤੀਆਂ ਲਈ ਲੋੜੀਂਦੇ ਸਰਟੀਫਿਕੇਟ ਬਣਵਾਉਣ ਲਈ ਵੀ ਨੌਜਵਾਨਾਂ ਨੂੰ ਖੱਜਲ ਹੋਣ ਮਗਰੋਂ ਵੀ ਸਫ਼ਲਤਾ ਨਹੀਂ ਮਿਲ ਰਹੀ। ਪਿੰਡ ਹੇੜੀਕੇ ਦੀ ਸਰਪੰਚ ਪਾਲਵਿੰਦਰ ਕੌਰ ਨੇ ਦੱਸਿਆ ਕਿ ਪਟਵਾਰੀ ਨਾ ਹੋਣ ਕਾਰਨ ਰੋਜ਼ ਬੱਚੇ ਆਪਣੇ ਸਰਟੀਫਿਕੇਟ ਬਣਵਾਉਣ ਲਈ ਆਉਂਦੇ ਹਨ, ਪਰ ਕੰਮ ਨਹੀਂ ਹੋ ਰਹੇ।
ਕਾਂਗਰਸੀ ਆਗੂ ਅਵਤਾਰ ਸਿੰਘ ਹੇੜੀਕੇ ਨੇ ਦੱਸਿਆ ਕਿ ਸਰਪੰਚ ਵੱਲੋਂ ਤਸ਼ਦੀਕ ਕੀਤੇ ਜਾਣ ਅਤੇ ਨੰਬਰਦਾਰ ਵੱਲੋਂ ਹਲਫੀਆ ਬਿਆਨ ਦੇਣ ਦੇ ਬਾਵਜੂਦ ਝਿਊਰ ਜਾਤੀ ਨਾਲ ਸਬੰਧਤ ਬੱਚੇ ਦਾ ਆਮਦਨ ਸਰਟੀਫਿਕੇਟ ਦਾ ਕੰਮ ਪਟਵਾਰੀ ਦੇ ਦਸਤਖਤਾਂ ਖੁਣੋਂ ਰੁਕ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਤਹਿਸੀਲ ਤੇ ਸਬ-ਤਹਿਸ਼ੀਲ ਦੇ ਅਧਿਕਾਰੀ ਇੱਕ ਜਥੇਬੰਦੀ ਦੇ ਪ੍ਰਭਾਵ ਕਾਰਨ ਲੋਕਾਂ ਦੀ ਖੱਜਲ-ਖੁਆਰੀ ਨੂੰ ਦੇਖ ਕੇ ਵੀ ਮੂਕ ਦਰਸ਼ਕ ਬਣੇ ਹੋਏ ਹਨ। ਉਨ੍ਹਾਂ ਇਹ ਮਾਮਲਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਧਿਆਨ ਵਿੱਚ ਵੀ ਲਿਆਂਦਾ ਹੈ। ਸ੍ਰੀ ਜਹਾਂਗੀਰ ਨੇ ਦੱਸਿਆ ਕਿ ਉਹ 9 ਜੁਲਾਈ ਨੂੰ ਭਰਾਤਰੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਰਨਗੇ ਤੇ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਤਿੱਖਾ ਸੰਘਰਸ਼ ਵਿੱਢਣਗੇ। ਵਰਨਣਯੋਗ ਹੈ ਕਿ ਪਿਛਲੇ ਦਿਨੀਂ ਕਿਰਤੀ ਕਿਸਾਨ ਯੂਨੀਅਨ ਤੇ ਲੋਕ ਸੰਘਰਸ਼ ਕਮੇਟੀ ਵੱਲੋਂ ਲਗਾਏ ਗਏ ਧਰਨੇ ਦੌਰਾਨ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਛੇਤੀ ਹੀ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ।