ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਨਵੰਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਚੱਲੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਨੂੰ ਸਮਰਪਿਤ ਯੂਥ ਕਾਂਗਰਸੀ ਵਰਕਰਾਂ ਵੱਲੋਂ ਸ਼ਹਿਰ ਵਿੱਚ ਮੋਮਬੱਤੀ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਸਾਜਨ ਕਾਂਗੜਾ ਪ੍ਰਧਾਨ ਵਿਧਾਨ ਸਭਾ ਯੂਥ ਕਾਂਗਰਸ, ਯੂਥ ਆਗੂ ਮੌਂਟੀ ਪਾਬਲਾ, ਰਵੀ ਧੀਮਾਨ ਅਤੇ ਸਾਂਗਰ ਵਲੋਂ ਕੀਤੀ ਗਈ। ਮਾਰਚ ਦੌਰਾਨ ਵਰਕਰਾਂ ਨੇ ਸ਼ਹਿਰ ਦੇ ਭਗਵਾਨ ਮਹਾਂਵੀਰ ਚੌਕ ਅਤੇ ਵੱਡੇ ਚੌਕ ਵਿੱਚ ਮੋਮਬੱਤੀਆਂ ਬਾਲ ਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਕੈਂਡਲ ਮਾਰਚ ਦੌਰਾਨ ਨੌਜਵਾਨ ਵਰਕਰਾਂ ਵੱਲੋਂ ਕਿਸਾਨ-ਮਜ਼ਦੂਰ ਏਕਤਾ ਦੇ ਹੱਕ ਵਿੱਚ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਨੌਜਵਾਨਾਂ ਵੱਲੋਂ ਸ਼ਹਿਰ ਦੇ ਵੱਡੇ ਚੌਕ ਅਤੇ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਭਗਵਾਨ ਮਹਾਂਵੀਰ ਚੌਕ ਵਿੱਚ ਮੋਮਬੱਤੀਆਂ ਲਗਾਉਂਦਿਆਂ ਕਿਸਾਨਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ। ਯੂਥ ਕਾਂਗਰਸ ਦੇ ਆਗੂ ਸਾਜਨ ਕਾਂਗੜਾ ਅਤੇ ਮੌਂਟੀ ਪਾਬਲਾ ਨੇ ਦੋਸ਼ ਲਾਇਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਸ਼ਾਂਤਮਈ ਅੰਦੋਲਨ ਦੌਰਾਨ ਕਿਸਾਨਾਂ ਦੀ ਸ਼ਹਾਦਤ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ ਜਿਸ ਦੇ ਅੜੀਅਲ ਰਵੱਈਏ ਕਾਰਨ 700 ਤੋਂ ਵੱਧ ਕਿਸਾਨਾਂ ਨੂੰ ਆਪਣੀ ਜਾਨ ਦੇਣੀ ਪਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਬਰ, ਸਿਦਕ ਅਤੇ ਸ਼ਾਂਤਮਈ ਢੰਗ ਨਾਲ ਚੱਲੇ ਅੰਦੋਲਨ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਹੈ ਅਤੇ ਖੇਤੀ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ ਜੋ ਕਿਸਾਨਾਂ ਦੇ ਇਤਿਹਾਸਕ ਸੰਘਰਸ਼ ਦੀ ਵਿਸ਼ਾਲ ਜਿੱਤ ਹੈ।
ਉਨ੍ਹਾਂ ਪੰਜਾਬ ਸਰਕਾਰ ਵਲੋਂ ਸ਼ਹੀਦ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ਾ ਦੇਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵੀ ਸ਼ਹੀਦ ਕਿਸਾਨਾਂ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ਾ ਦੇਵੇ।
ਇਸ ਮੌਕੇ ਯੂਥ ਆਗੂਆਂ ’ਚ ਤਰਨ ਢਿੱਲੋਂ, ਹਰਸ਼ ਢਿੱਲੋਂ, ਅਵੀ ਰਾਵਤ, ਗੁਰੀ ਉਭਾਵਾਲ, ਅਕਾਸ਼ਦੀਪ ਸੈਣੀ, ਗੁਰਨੂਰ, ਰਮਨ ਸੋਢੀ, ਕਰਨ ਪੁਰੀ, ਜਸ਼ਨ, ਆਕਾਸ਼ ਸ਼ਰਮਾ, ਰਾਹੁਲ ਰੰਧਾਵਾ, ਜਸ ਭਿੰਡਰਾਂ, ਸੰਜੂ ਗਿੱਲ, ਅਮਨ ਕੁਮਾਰ, ਹਰਸ਼ ਲੋਟ, ਅਜੇ ਕੁਮਾਰ ਤੇ ਸੁਮੀਰ ਆਦਿ ਅਨੇਕਾਂ ਮੌਜੂਦ ਸਨ।