ਨਿੱਜੀ ਪੱਤਰ ਪ੍ਰੇਰਕ
ਨਾਭਾ, 16 ਮਈ
ਇਥੋਂ ਦੇ ਸੰਗਤਪੂਰਾ ਮੁਹੱਲਾ ਨਿਵਾਸੀ ਵਿਸ਼ਾਲ ਜਿੰਦਲ (26) ਵੱਲੋਂ ਬੀਤੇ ਦਿਨੀ ਨਹਿਰ ਵਿੱਚ ਛਾਲ਼ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ ਜਿਸਦੀ ਲਾਸ਼ ਸ਼ਨਿੱਚਰਵਾਰ ਸ਼ਾਮ ਨੂੰ ਬਰਾਮਦ ਹੋਈ। ਇਸ ਦੌਰਾਨ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਜਿਸ ਵਿੱਚ ਵਿਸ਼ਾਲ ਰੋਹਟੀ ਪੁਲ ਕੋਲ ਛਾਲ ਮਾਰਦਾ ਦਿਖਾਈ ਦੇ ਰਿਹਾ ਹੈ। ਮ੍ਰਿਤਕ ਦੇ ਪਿਤਾ ਸੁਰੇਸ਼ ਕੁਮਾਰ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪੜ੍ਹਨ ਵਿੱਚ ਚੰਗਾ ਸੀ ਜਿਸ ਕਰਕੇ ਉਨ੍ਹਾਂ ਔਖੇ ਹੋ ਕੇ ਖਰਚਾ ਕਰਕੇ ਥਾਪਰ ਕਾਲਜ ਪਟਿਆਲਾ ਤੋਂ ਉਸਨੂੰ ਪੰਜ ਸਾਲ ਪਹਿਲਾਂ ਬੀਟੈਕ (ਸਿਵਲ) ਕਰਵਾਈ ਪਰ ਉਸਨੂੰ ਕੋਈ ਵਧੀਆ ਨੌਕਰੀ ਨਾ ਮਿਲਣ ਕਾਰਨ ਉਹ ਤਣਾਅ ਵਿੱਚ ਰਹਿੰਦਾ ਸੀ ਤੇ ਇਸਦੇ ਚਲਦੇ ਉਨ੍ਹਾਂ ਆਪਣਾ ਇਕਲੌਤਾ ਪੁੱਤਰ ਗਵਾ ਲਿਆ। ਸੁਰੇਸ਼ ਜਿੰਦਲ ਇਕ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ ਜੋ ਉਨ੍ਹਾਂ ਮੁਤਾਬਕ ਵੱਡੇ ਮਾਲਾਂ ਅੱਗੇ ਦਮ ਤੋੜ ਰਹੀਆਂ ਹਨ ਅਤੇ ਜੇ ਕੋਈ ਨੌਕਰੀ ਮਿਲਦੀ ਸੀ ਤਾਂ ਦੂਜੇ ਸ਼ਹਿਰ ਵਿੱਚ 10-12 ਹਜ਼ਾਰ ਵਿੱਚ। ਜਿਸ ਕਾਰਨ ਉਹ ਤਣਾਅ ਵਿੱਚ ਰਹਿੰਦਾ ਸੀ।
ਲਹਿਰਾਗਾਗਾ (ਪੱਤਰ ਪ੍ਰੇਰਕ) ਇਥੇ ਘੱਗਰ ਬ੍ਰਾਂਚ ਨਹਿਰ ’ਚ ਡੁੱਬੇ ਵਿਅਕਤੀ ਸੰਦੀਪ ਕੁਮਾਰ ਵਿੱਕੀ 42 ਪੁੱਤਰ ਤਰਸੇਮ ਚੰਦ ਗੁੱਲੂ ਆੜ੍ਹਤੀ ਦੀ ਲਾਸ਼ ਨਹਿਰ ਵਿੱਚ ਦਰਖ਼ਤ ਕੋਲ ਨਹਿਰੀ ਪਾਣੀ ’ਚ ਫਸੀ ਮਿਲੀ। ਸਿਟੀ ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਮ੍ਰਿਤਕ ਦੇ ਚਾਚੇ ਕ੍ਰਿਸ਼ਨ ਕੁਮਾਰ ਦੇ ਬਿਆਨ ’ਤੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਧਾਰਾ 174 ਅਧੀਨ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਟਰਮ ਕਰਵਾਉਣ ਮਗਰੋਂ ਵਾਰਿਸਾਂ ਨੂੰ ਸੌਂਪ ਦਿੱਤੀ ਹੈ। ਪਰਿਵਾਰ ਅਨੁਸਾਰ ਮ੍ਰਿਤਕ ਸੰਦੀਪ ਵਿੱਕੀ ਘਰੋਂ ਬਾਂਦਰਾਂ ਨੂੰ ਦਾਣੇ ਤੇ ਹੋਰ ਸਾਮਾਨ ਪਾਉਣ ਲਈ ਨਹਿਰ ਕਿਨਾਰੇ ਗਿਆ ਸੀ ਕਿ ਅਚਾਨਕ ਬਾਂਦਰਾਂ ਦੇ ਡਰੋਂ ਨਹਿਰ ’ਚ ਡਿੱਗ ਗਿਆ। ਉਸਨੂੰ ਤੈਰਨਾ ਨਹੀਂ ਆਉਂਦਾ ਸੀ। ਉਹ ਕਰਿਆਣੇ ਦੀ ਦੁਕਾਨ ਕਰਦਾ ਸੀ।
ਤਿੰਨ ਦਿਨ ਪਹਿਲਾਂ ਭਾਖੜਾ ਨਹਿਰ ’ਚ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ
ਸਮਾਣਾ (ਸੁਭਾਸ਼ ਚੰਦਰ) ਤਿੰਨ ਦਿਨ ਪਹਿਲਾ ਭਾਖੜਾ ਨਹਿਰ ਵਿੱਚ ਡੁੱਬੇ ਨੌਜਵਾਨ ਵਿੱਕੀ ਦੀ ਲਾਸ਼ ਐਤਵਾਰ ਸਵੇਰੇ ਭਾਖੜਾ ਨਹਿਰ ਦੇ ਖਨੌਰੀ ਹੈੱਡ ਤੋਂ ਅੱਗੇ ਬਰਾਮਦ ਹੋਣ ’ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦੀ ਗਈ ਜਿਥੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਤੇ ਨੌਜਵਾਨ ਦਾ ਵਿਸਰਾ ਜਾਂਚ ਲਈ ਲੈਬ ਭੇਜ ਦਿੱਤਾ ਗਿਆ। ਜਾਂਚ ਅਧਿਕਾਰੀ ਏਐੱਸਆਈ ਲਾਲੀ ਰਾਮ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਵਿੱਕੀ ਕੁਮਾਰ (ਪੁੱਤਰ ਚੇਤਨ ਰਾਮ ਵਾਸੀ ਮੋਤੀਆ ਬਾਜ਼ਾਰ, ਸਮਾਣਾ) ਦੇ ਚਾਰੋ ਸਾਥੀਆਂ ਸਾਹਿਲ ਤੇ ਵਿਸ਼ਾਲ (ਦੋਵੇਂ ਭਰਾ) ਵਾਸੀ ਵਾਲਮੀਕਿ ਮੁਹੱਲਾ ਜੱਟਾਂ ਪਤੀ, ਮੰਗੂ ਉਰਫ ਰਛਪਾਲ ਸਿੰਘ ਨਿਵਾਸੀ ਛੋਟੀ ਮਾਜਰੀ ਤੇ ਸਾਗਰ ਚੌਹਾਨ ਵਾਸੀ ਛੋਟੀ ਰੋਨੀ, ਪਟਿਆਲਾ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਹੈ ਤੇ ਪੁੱਛਗਿਛ ਲਈ ਰਿਮਾਂਡ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।