ਸੁਨਾਮ ਊਧਮ ਸਿੰਘ ਵਾਲਾ(ਪੱਤਰ ਪ੍ਰੇਰਕ): ਪਿੰਡ ਬਿਗੜਵਾਲ ਦੇ ਇੱਕ ਨੌਜਵਾਨ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਪੁਲੀਸ ਅਨੁਸਾਰ ਸਤਿੰਦਰਪਾਲ ਸਿੰਘ (34) ਪੁੱਤਰ ਅਵਤਾਰ ਸਿੰਘ ਚੀਮਾ ਮੰਡੀ ਵਿਖੇ ਇਕ ਮੋਟਰ ਗੈਰੇਜ ’ਚ ਕੰਮ ਕਰਦਾ ਸੀ। ਕਰੀਬ ਡੇਢ ਕੁ ਮਹੀਨਾ ਪਹਿਲਾਂ ਉਸ ਦੇ ਪਿਤਾ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ ਅਤੇ ਉਸ ’ਤੇ ਹੋਏ ਭਾਰੀ ਖਰਚ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਸ਼ਾਮ ਉਹ ਕੰਮ ਤੋਂ ਘਰ ਪਰਤ ਰਿਹਾ ਸੀ ਕਿ ਪਿੰਡ ਮਾਡਲ ਟਾਉੂਨ-ਨੰਬਰ-1 ਨੇੜੇ ਆ ਕੇ ਉਸ ਨੇ ਆਪਣੇ ਭਤੀਜੇ ਨੂੰ ਫੋਨ ਕਰ ਕੇ ਕਿਹਾ ਕਿ ਉਹ ਜੋ ਚਾਹੁੰਦਾ ਸੀ ਉਸ ਨੇ ਕਰ ਲਿਆ ਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰਤ ਹਸਪਤਾਲ ਪਹੁੰਚਾਇਆ ਜਿਥੋਂ ਗੰਭੀਰ ਹਾਲਤ ਕਾਰਨ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਤੇ ਹਸਪਤਾਲ ਲਿਜਾਂਦਿਆਂ ਉਸ ਦੀ ਮੌਤ ਹੋ ਗਈ। ਪੁਲੀਸ ਨੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਪਿੰਡ ਬਡਰੁੱਖਾਂ ਵਿੱਚ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਸੰਗਰੂਰ(ਨਿਜੀ ਪੱਤਰ ਪ੍ਰੇਰਕ): ਨੇੜਲੇ ਪਿੰਡ ਬਡਰੁੱਖਾਂ ਵਿੱਚ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਪ੍ਰੀਤਮ ਸਿੰਘ (75) ਭਾਕਿਯੂ ਏਕਤਾ ਉਗਰਾਹਾਂ ਦਾ ਸਰਗਰਮ ਵਰਕਰ ਸੀ। ਯੂਨੀਅਨ ਦੇ ਬਲਾਕ ਸਕੱਤਰ ਗੋਬਿੰਦਰ ਸਿੰਘ ਬਡਰੁੱਖਾਂ ਨੇ ਦੱਸਿਆ ਕਿ ਪ੍ਰੀਤਮ ਸਿੰਘ ਰੋਜ਼ਾਨਾ ਭਾਜਪਾ ਆਗੂ ਦੇ ਘਰ ਅੱਗੇ ਚੱਲ ਰਹੇ ਪੱਕੇ ਮੋਰਚੇ ਵਿਚ ਸ਼ਾਮਲ ਹੁੰਦਾ ਸੀ। ਖੇਤੀ ਕਾਨੂੰਨਾਂ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਯੂਨੀਅਨ ਆਗੂਆਂ ਗੋਬਿੰਦਰ ਸਿੰਘ ਮੰਗਵਾਲ, ਸ਼ਿੰਦਰ ਸਿੰਘ, ਨਿਰਮਲ ਸਿੰਘ, ਨਛੱਤਰ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।
ਸੜਕ ਹਾਦਸੇ ’ਚ ਕਿਸਾਨ ਦੀ ਮੌਤ
ਸੁਨਾਮ ਊਧਮ ਸਿੰਘ ਵਾਲਾ(ਪੱੱਤਰ ਪ੍ਰੇਰਕ): ਬੀਤੀ ਰਾਤ ਸੁਨਾਮ ਨੀਲੋਵਾਲ ਸੜਕ ’ਤੇ ਸਕੂਟਰੀ ਸਲਿਪ ਹੋਣ ਕਾਰਨ ਇਕ ਕਿਸਾਨ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਕਿਸਾਨ ਅਜੈਬ ਸਿੰਘ (45) ਪੁੱਤਰ ਜਰਨੈਲ ਸਿੰਘ ਸਕੂਟਰੀ ’ਤੇ ਆਪਣੇ ਖੇਤ ਤੋਂ ਸੁਨਾਮ ਦੁੱਧ ਪਾਉਣ ਲਈ ਆ ਰਿਹਾ ਸੀ ਕਿ ਰਸਤੇ ’ਚ ਉਸਦੀ ਸਕੂਟਰੀ ਸਲਿਪ ਹੋ ਗਈ। ਇਸ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ।