ਪਵਨ ਕੁਮਾਰ ਵਰਮਾ
ਧੂਰੀ, 7 ਜੂਨ
ਇੱਥੇ ਰੇਲਵੇ ਜੰਕਸ਼ਨ ਦੀ ਇਮਾਰਤ ਅਤੇ ਰੇਲਵੇ ਸਟਾਫ ਕੁਆਟਰਾ ਦਾ ਨਵ-ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਦਾ ਠੇਕਾ ਆਰ.ਬੀ.ਐਨ.ਐਲ ਨੇ ਇੱਕ ਵੱਡੀ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਹੋਇਆ ਹੈ।ਰੇਲਵੇ ਸਟੇਸਨ ਤੇ ਬਣ ਰਹੀ ਆਰ.ਆਰ.ਆਈ ਦੀ ਬਿਲਡਿੰਗ ਵਿੱਚ ਠੇਕੇਦਾਰ ਵੱਲੋਂ ਮਾਪਦੰਡਾਂ ਤੋਂ ਹਲਕੀ ਕੁਆਲਿਟੀ ਦੀ ਸਮੱਗਰੀ ਵਰਤੀ ਜਾ ਰਹੀ ਸੀ ਅਤੇ ਇਸ ਨਿਰਮਾਣ ਕਾਰਜ ਵਿਚ ਪਿੱਲੀ ਇੱਟ ਵੀ ਲਗਾਈ ਜਾ ਰਹੀ ਸੀ। ਅੱਜ ਕੁਝ ਸਮਾਜਸੇਵੀ ਲੋਕਾਂ ਵੱਲੋਂ ਇਸ ਸਬੰਧ ਵਿਚ ਪੱਤਰਕਾਰਾਂ ਨੂੰ ਜਾਣੂ ਕਰਵਾਇਆ ਗਿਆ ਤਾਂ ਸਮਾਜ ਸੇਵਕਾਂ ਦੀ ਸਿਕਾਇਤ ਉਪਰੰਤ ਮੌਕੇ ’ਤੇ ਪਹੁੰਚੀ ਪੱਤਰਕਾਰਾਂ ਦੀ ਟੀਮ ਨੇ ਆਰ.ਬੀ.ਐਨ.ਐੱਲ. ਦੇ ਇੰਜੀਨੀਅਰ ਅਮਿਤ ਕੁਮਾਰ ਨੂੰ ਮੌਕੇ ’ਤੇ ਬੁਲਾ ਕੇ ਗੱਲਬਾਤ ਕੀਤੀ ਤਾਂ ਉਸ ਨੇ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ ਬਲਕਿ ਕਿਹਾ ਕਿ ਇਹ ਨਵੀਆਂ ਇੱਟਾਂ ਰੋੜੀ ਕੁੱਟਣ ਲਈ ਮੰਗਵਾਈਆਂ ਗਈਆਂ ਹਨ। ਬਾਅਦ ਵਿਚ ਠੇਕੇਦਾਰ ਦੇ ਕਰਮਚਾਰੀਆਂ ਵੱਲੋਂ ਪਿੱਲੀਆਂ ਇੱਟਾਂ ਅਤੇ ਰੋੜੇ ਉੱਥੋਂ ਚੁਕਵਾ ਦਿੱਤੇ ਗਏ ਇਸ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਨਵੇ ਬਣ ਰਹੇ ਰੇਲਵੇ ਸਟਾਫ ਕੁਆਰਟਰਾਂ ਦਾ ਮੌਕਾ ਦੇਖਿਆ ਤਾਂ ਉੱਥੇ ਵੀ ਨਿਰਮਾਣ ਕਾਰਜ ਵਿੱਚ ਲਗਪਗ ਉਸੇ ਤਰ੍ਹਾਂ ਦੀ ਹੀ ਇੱਟ ਲਾਈ ਜਾ ਰਹੀ ਸੀ। ਇਸ ਸਬੰਧੀ ਕੰਪਨੀ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਉਹ ਡਿਊਟੀ ’ਤੇ ਤਇਨਾਤ ਇੰਜਨੀਅਰ ਅਮਿਤ ਕੁਮਾਰ ਨਾਲ ਇਸ ਬਾਰੇ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਰੇਲ ਨਿਰਮਾਣ ਕਾਰਜ ਵਿੱਚ ਤਸੱਲੀਬਖਸ਼ ਮਟੀਰੀਅਲ ਹੀ ਵਰਤਿਆ ਜਾਂਦਾ ਹੈ ਪ੍ਰੰਤੂ ਜੇ ਕੋਈ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਹ ਇਸ ਗੱਲ ਦੀ ਜਾਂਚ ਕਰਵਾਉਣਗੇ।