ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਪਿੰਡ ਖੇੜੀ ਗਿੱਲਾਂ ਦੇ ਮਜ਼ਦੂਰਾਂ ਵੱਲੋਂ ਸਰਕਾਰ ਦੀ ਨੀਤੀ ਅਨੁਸਾਰ ਪੰਜ ਪੰਜ ਮਰਲੇ ਦੇ ਪਲਾਟ ਲੈਣ ਲਈ ਉਸੇ ਜਮੀਨ ਵਿੱਚ ਲਗਾਇਆ ਗਿਆ ਪੱਕਾ ਮੋਰਚਾ ਅੱਜ ਚੌਥੇ ਦਿਨ ਵੀ ਜਾਰੀ ਰੱਖਿਆ ਗਿਆ। ਯੂਨੀਅਨ ਦੀ ਇਕਾਈ ਦੇ ਪ੍ਰਧਾਨ ਜਗਤਾਰ ਸਿੰਘ ਰਿੰਕੂ, ਖਜ਼ਾਨਚੀ ਗੁਰਵਿੰਦਰ ਸਿੰਘ ਛਿੰਦਾ, ਲਛਮੀ ਕੌਰ, ਨਛੱਤਰ ਕੌਰ ਅਤੇ ਭੋਲੀ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜ ਪੰਜ ਮਰਲਿਆਂ ਦੀਆਂ ਮਜਦੂਰਾਂ ਨੂੰ ਸਨਦਾਂ ਦੇਣ ਦੇ ਬਾਵਜੂਦ ਵੀ ਅਜੇ ਤੱਕ ਪਲਾਟ ਨਹੀਂ ਦਿੱਤੇ ਗਏ। ਪੰਚਾਇਤ ਵਿਭਾਗ ਦੇ ਅਧਿਕਾਰੀ ਟਾਲਮਟੋਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਯੂਨੀਅਨ ਨੇ 19 ਜੁਲਾਈ ਨੂੰ ਬੀਡੀਪੀਓ ਦਫਤਰ ਭਵਾਨੀਗੜ੍ਹ ਅੱਗੇ ਰੋਸ਼ ਪ੍ਰਦਰਸ਼ਨ ਕਰਕੇ ਪਲਾਟਾਂ ਵਾਲੀ ਜ਼ਮੀਨ ਵਿੱਚ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ। ਮਜਦੂਰ ਆਗੂਆਂ ਨੇ ਕਿਹਾ ਕਿ ਇਹ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਪਲਾਟਾਂ ਦੀ ਅਲਾਟਮੈਂਟ ਨਹੀਂ ਕੀਤੀ ਜਾਂਦੀ।