ਆਵਾਜਾਈ ਠੱਪ ਕਰਕੇ ਡੀਸੀ ਦਫ਼ਤਰ ਅੱਗੇ ਗਰਜੇ ਮਜ਼ਦੂਰ

ਆਵਾਜਾਈ ਠੱਪ ਕਰਕੇ ਡੀਸੀ ਦਫ਼ਤਰ ਅੱਗੇ ਗਰਜੇ ਮਜ਼ਦੂਰ

ਸੰਗਰੂਰ ’ਚ ਡੀ.ਸੀ. ਦਫ਼ਤਰ ਅੱਗੇ ਧਰਨੇ ’ਚ ਸ਼ਾਮਲ ਮਜ਼ਦੂਰ ਔਰਤਾਂ ਨਾਅਰੇਬਾਜ਼ੀ ਕਰਦੀਆਂ ਹੋਈਆਂ।

ਗੁਰਦੀਪ ਸਿੰਘ ਲਾਲੀ

ਸੰਗਰੂਰ, 25 ਮਈ

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਡੀ.ਸੀ. ਦਫ਼ਤਰ ਅੱਗੇ ਆਵਾਜਾਈ ਠੱਪ ਕਰ ਕੇ ਧਰਨਾ ਦਿੱਤਾ ਗਿਆ ਜਿਸ ਵਿੱਚ ਮਜ਼ਦੂਰ ਔਰਤਾਂ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ। ਇਸਤੋਂ ਪਹਿਲਾਂ ਅਨਾਜ ਮੰਡੀ ਵਿੱਚ ਇਕੱਠੇ ਹੋਣ ਮਗਰੋਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਆਗੂ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਮਜ਼ਦੂਰ ਔਰਤਾਂ ਵੱਲੋਂ ਨਿੱਜੀ ਫਾਇਨਾਂਸ ਕੰਪਨੀਆਂ ਤੋਂ ਕਰਜ਼ਾ ਲਿਆ ਹੋਇਆ ਹੈ ਪਰ ਕੰਮ ਨਾ ਮਿਲਣ ਅਤੇ ਮਹਿੰਗਾਈ ਕਾਰਨ ਗਰੀਬ ਲੋਕ ਕਰਜ਼ਾ ਮੋੜਨ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗਰੀਬ ਮਜ਼ਦੂਰ ਔਰਤਾਂ ਦੇ ਕਰਜ਼ਾ ਦੀ ਜ਼ਿੰਮੇਵਾਰੀ ਖੁਦ ਲਏ ਅਤੇ ਸਰਕਾਰੀ ਬੈਂਕਾਂ ਵਿੱਚ ਗਰੀਬ ਲੋਕਾਂ ਨੂੰ ਆਪਣਾ ਰੁਜ਼ਗਾਰ ਚਲਾਉਣ ਵਾਸਤੇ ਕਰਜ਼ੇ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਮਗਨਰੇਗਾ ਸਕੀਮ ਨੂੰ ਪਿੰਡਾਂ ਵਿੱਚ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ।

ਉਨ੍ਹਾਂ ਮੰਗ ਕੀਤੀ ਕਿ ਮਗਨਰੇਗਾ ਸਕੀਮ ਤਹਿਤ ਜੌਬ ਕਾਰਡ ਹੋਲਡਰ ਮਜ਼ਦੂਰਾਂ ਨੂੰ 200 ਦਿਨ ਕੰਮ ਦਿੱਤਾ ਜਾਵੇ, ਝੋਨੇ ਦੀ ਲਵਾਈ ਦਾ ਠੇਕਾ ਪ੍ਰਤੀ ਏਕੜ ਛੇ ਹਜ਼ਾਰ ਰੁਪਏ ਨਿਸ਼ਚਿਤ ਕੀਤਾ ਜਾਵੇ, ਪੰਜਾਬ ਵਿੱਚ ਮਗਨਰੇਗਾ ਸਕੀਮ ਸਮੇਤ ਹਰ ਕੰਮ ਲਈ ਮਜ਼ਦੂਰਾਂ ਦੀ ਦਿਹਾੜੀ ਦਾ ਰੇਟ 700 ਰੁਪਏ ਪ੍ਰਤੀ ਦਿਨ ਮਜ਼ਦੂਰੀ ਲਾਗੂ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਰਿਸਕ ਭੱਤੇ ਦੀ ਤਰਜ਼ ’ਤੇ ਮਜ਼ਦੂਰਾਂ ਲਈ ਵੀ ਢੁਕਵਾਂ ਮੂਆਵਜ਼ਾ ਦਿੱਤਾ ਜਾਵੇ, ਕੇਂਦਰ ਸਰਕਾਰ ਮਗਨਰੇਗਾ ਸਕੀਮ ਵਿਚ ਬਜਟ ਵਿਚ ਵਾਧਾ ਕਰੇ, ਸਾਲ ਵਿਚ ਘੱਟੋ ਘੱਟ 200 ਦਿਨ ਕੰਮ ਦੇਣ ਦੀ ਗਾਰੰਟੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮਜ਼ਦੂਰ ਵਰਗ ਦੀਆਂ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖੇ ਰੂਪ ਵਿਚ ਉਲੀਕਿਆ ਜਾਵੇਗਾ। ਇਸ ਮੌਕੇ ਯੂਨੀਅਨ ਆਗੂ ਕੁਲਵਿੰਦਰ ਕੌਰ ਰੇਤਗੜ੍ਹ, ਪ੍ਰੇਮ ਸਿੰਘ ਖਡਿਆਲੀ, ਅਮਰਜੀਤ ਸਿੰਘ ਮੁਨਸ਼ੀਵਾਲਾ, ਘੁਮੰਡ ਸਿੰਘ ਉਗਰਾਹਾਂ, ਰਾਣੀ ਕੌਰ ਸੁਨਾਮ, ਜਸਵਿੰਦਰ ਕੌਰ ਭੱਟੀਵਾਲ, ਸਵਰਨਜੀਤ ਸਿੰਘ ਭਵਾਨੀਗੜ੍ਹ ਆਦਿ ਨੇ ਵੀ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਖ਼ਸੀ ਪੂਜਾ ਦੇ ਸਮਿਆਂ ਵਿਚ

ਸ਼ਖ਼ਸੀ ਪੂਜਾ ਦੇ ਸਮਿਆਂ ਵਿਚ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਸ਼ਹਿਰ

View All