ਪੱਤਰ ਪ੍ਰੇਰਕ
ਲਹਿਰਾਗਾਗਾ, 7 ਜੂਨ
ਸਾਂਝਾ ਮਜ਼ਦੂਰ ਮੋਰਚੇ ਦੇ ਸੱਦੇ ’ਤੇ 10 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਦਿੱਤੇ ਜਾਣ ਵਾਲੇ ਧਰਨੇ ਦੀ ਤਿਆਰੀ ਲਈ ਪਿੰਡ ਫ਼ਤਹਿਗੜ੍ਹ ਵਿੱਚ ਰੈਲੀ ਕੀਤੀ ਗਈ। ਇਸ ਤੋਂ ਇਲਾਵਾ ਪਿੰਡ ਡਸਕਾ, ਹਰਿਆਊ, ਭੈਣੀ, ਗੰਢੂਆਂ ਵਿੱਚ ਵੀ ਮੀਟਿੰਗਾਂ ਕੀਤੀਆਂ ਗਈਆਂ। ਫਤਿਹਗੜ੍ਹ ਵਿੱਚ ਰੈਲੀ ਨੂੰ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਤੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਉਹ ਧਰਨੇ ਦੌਰਾਨ ਪ੍ਰਤੀ ਕਿੱਲਾ ਛੇ ਹਜ਼ਾਰ ਰੁਪਏ ਲਵਾਈ ਅਤੇ ਦਿਹਾੜੀ ਸੱਤ ਸੌ ਰੁਪਿਆ ਕਰਵਾਉਣਗੇ। ਉਨ੍ਹਾਂ ਕਿਹਾ ਕਿ ਬਿਨਾਂ ਸ਼ਰਤ ਕਰਜ਼ੇ ਦਿਵਾਉਣ, ਦਲਿਤਾਂ ਦੇ ਹੁੰਦੇ ਸਮਾਜਿਕ ਬਾਈਕਾਟ ਬੰਦ ਕਰਵਾਉਣ ਆਦਿ ਮੰਗਾਂ ਦੀ ਪ੍ਰਾਪਤੀ ਲਈ 10 ਜੂਨ ਨੂੰ ਦਾਣਾ ਮੰਡੀ ਸੰਗਰੂਰ ਵਿੱਚ ਇਕੱਠੇ ਹੋ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਕੁੰਡਾ ਖੜਕਾਉਣਗੇ। ਇਸੇ ਦੌਰਾਨ ਮਜ਼ਦੂਰਾਂ ਦੀਆਂ ਭਖਵੀਆਂ ਅਤੇ ਪਿਛਲੇ ਲੰਮੇ ਸਮੇਂ ਤੋਂ ਅਣਗੌਲੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਸਾਂਝਾ ਮਜ਼ਦੂਰ ਮੋਰਚਾ ਦੇ ਬੈਨਰ ਹੇਠ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਲਹਿਰਾਗਾਗਾ -ਦਿੜ੍ਹਬਾ ਦੇ ਵੱਖ ਵੱਖ ਪਿੰਡਾਂ ਜਲੂਰ, ਸ਼ਾਦੀਹਰੀ , ਛਾਹੜ, ਢੰਡੋਲੀ ਕਲਾਂ, ਭੁਟਾਲ ਕਲਾਂ, ਘੋੜੇਨਾਬ ਆਦਿ ਪਿੰਡਾਂ ਵਿਚ ਰੈਲੀਆਂ ਤੇ ਲਾਮਬੰਦ ਮੀਟਿੰਗਾਂ ਕੀਤੀਆਂ ਗਈਆਂ।