ਬੀਰਬਲ ਰਿਸ਼ੀ
ਸ਼ੇਰਪੁਰ, 7 ਜੁਲਾਈ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਅੱਜ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਸ਼ੇਰਪੁਰ ਦਫ਼ਤਰ ਨੂੰ ਤਾਲਾ ਲਗਾਏ ਜਾਣ ਦੇ ਸੱਦੇ ਤਹਿਤ ਅੱਜ ਮਜ਼ਦੂਰ ਰੋਸ ਪ੍ਰਦਰਸ਼ਨ ਕਰਦਿਆਂ ਪੁਲੀਸ ਰੋਕਾਂ ਦੇ ਬਾਵਜੂਦ ਬੀਡੀਪੀਓ ਦਫ਼ਤਰ ਦੇ ਗੇਟ ਤੱਕ ਪੁੱਜ ਗਏ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੁਝ ਅਹਿਮ ਮੰਗਾਂ ਮੰਨੇ ਜਾਣ ਮਗਰੋਂ ਮਜ਼ਦੂਰਾਂ ਨੇ ਤਾਲਾਬੰਦੀ ਦਾ ਪ੍ਰੋਗਰਾਮ ਐਨ ਮੌਕੇ ’ਤੇ ਮੁਲਤਵੀ ਕਰ ਦਿੱਤਾ। ਯਾਦ ਰਹੇ ਕਿ ਪਿੰਡ ਹੇੜੀਕੇ, ਈਨਾਬਾਜਵਾ, ਕੁੰਭੜਵਾਲ ਅਤੇ ਗੰਡੇਵਾਲ ਪਿੰਡਾਂ ਵਿੱਚ ਪੰਚਾਇਤੀ ਜ਼ਮੀਨ ਦੀਆਂ ਬੋਲੀਆਂ ਪ੍ਰਸ਼ਾਸਨ ਨੇ 8 ਜੁਲਾਈ ਨੂੰ ਪਿੰਡਾਂ ਦੀ ਥਾਂ ਸ਼ੇਰਪੁਰ ਦਫ਼ਤਰ ਕਰਨ ਦਾ ਫੈਸਲਾ ਕੀਤਾ ਹੋਇਆ ਸੀ।
ਜਾਣਕਾਰੀ ਅਨੁਸਾਰ ਦਾਣਾ ਮੰਡੀ ਸ਼ੇਰਪੁਰ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਮਜ਼ਦੂਰ ਸਵੇਰ ਤੋਂ ਹੀ ਇਕੱਤਰ ਹੋਣੇ ਸ਼ੁਰੂ ਹੋ ਗਏ ਸਨ ਜਿੱਥੋਂ ਕਾਫ਼ਲੇ ਦੇ ਰੂਪ ਵਿੱਚ ਮਜ਼ਦੂਰਾਂ ਨੇ ਬਾਜ਼ਾਰਾਂ ਵਿੱਚੋਂ ਦੀ ਬੀਡੀਪੀਓ ਦਫ਼ਤਰ ਤੱਕ ਮਾਰਚ ਕੀਤਾ। ਬੀਡੀਪੀਓ ਦਫ਼ਤਰ ਦੇ ਬਾਹਰੀ ਗੇਟ ਅੱਗੇ ਪੁਲੀਸ ਨੇ ਮਜ਼ਦੂਰਾਂ ਨੂੰ ਰੋਕ ਲਿਆ ਪਰ ਉਹ ਰੋਕਾਂ ਦੇ ਬਾਵਜੂਦ ਬੀਡੀਪੀਓ ਦਫ਼ਤਰ ਅੰਦਰ ਦਾਖਲ ਹੋ ਗਏ ਤੇ ਤਾਲਾਬੰਦੀ ਕਰਨ ਲਈ ਸਬੰਧਤ ਗੇਟ ’ਤੇ ਪੁੱਜ ਗਏ।
ਜ਼ੈੱਡਪੀਐੱਸਸੀ ਦੀ ਜ਼ੋਨ ਕਨਵੀਨਰ ਪਰਮਜੀਤ ਕੌਰ ਲੌਂਗੋਵਾਲ ਤੇ ਬਲਾਕ ਆਗੂ ਜਸਵੰਤ ਸਿੰਘ ਖੇੜੀ ਨੇ ਕਿਹਾ ਕਿ ਚਾਰ ਪਿੰਡਾਂ ’ਚ ਪ੍ਰਸ਼ਾਸਨ ਵੱਲੋਂ ਸਾਂਝੀ ਖੇਤੀ ਦੇ ਸੰਕਲਪ ਤੇ ਮਜ਼ਦੂਰ ਹਿੱਤਾਂ ਨੂੰ ਅੱਖੋ-ਪਰੋਖੇ ਕਰਦਿਆਂ ਕਥਿਤ ਡੰਮੀ ਬੋਲੀਆਂ ਧਨਾਢਾਂ ਦੇ ਹੱਕ ’ਚ ਕਰਨ ਦੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੌਕੇ ’ਤੇ ਪੁੱਜੇ ਨਾਇਬ ਤਹਿਸੀਲਦਾਰ ਭੁਪਿੰਦਰ ਸਿੰਘ ਅਤੇ ਐੱਸਐੱਚਓ ਸ਼ੇਰਪੁਰ ਅਮਰੀਕ ਸਿੰਘ ਨੇ ਮਜ਼ਦੂਰਾਂ ਦੀ 8 ਜੁਲਾਈ ਨੂੰ ਉਚ ਅਧਿਕਾਰੀਆਂ ਨਾਲ ਮੀਟਿੰਗ ਰਖਵਾਈ ਅਤੇ ਦਫ਼ਤਰਾਂ ’ਚ ਰੱਖੀਆਂ ਬੋਲੀਆਂ ਰੱਦ ਕਰਨ ਦਾ ਐਲਾਨ ਕੀਤਾ। ਪਿਛਲੇ ਵਰ੍ਹੇ ਪਿੰਡ ਹੇੜੀਕੇ ਦੀ ਬੋਲੀ ਦੌਰਾਨ ਮਜ਼ਦੂਰਾਂ ਦੀ ਭਰੀ 20 ਹਜ਼ਾਰ ਰੁਪਏ ਸਕਿਉਰਟੀ ਵੀ ਪ੍ਰਸ਼ਾਸਨ ਨੇ ਵਾਪਸ ਕਰਨ ਦਾ ਭਰੋਸਾ ਦਿੱਤਾ। ਧਰਨਾਕਾਰੀਆਂ ਨੇ ਪ੍ਰਸ਼ਾਸਨ ਨਾਲ 8 ਜੁਲਾਈ ਨੂੰ ਹੋ ਰਹੀ ਮੀਟਿੰਗ ਮਗਰੋਂ ਅਗਲੀ ਰੂਪ-ਰੇਖਾ ਉਲੀਕਣ ਦੇ ਐਲਾਨ ਮਗਰੋਂ ਸੰਘਰਸ਼ ਸਮਾਪਤ ਕਰ ਦਿੱਤਾ। ਨਾਇਬ ਤਹਿਸੀਲਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਐੱਸਡੀਐੱਮ ਧੂਰੀ ਧਰਨਾਕਾਰੀਆਂ ਨਾਲ ਕੱਲ੍ਹ ਮੀਟਿੰਗ ਕਰਨਗੇ ਅਤੇ ਮਜ਼ਦੂਰਾਂ ਦੀ ਮੰਗ ਦੇ ਮੱਦੇਨਜ਼ਰ 8 ਨੂੰ ਦਫ਼ਤਰਾਂ ’ਚ ਰੱਖੀਆਂ ਬੋਲੀਆਂ ਰੱਦ ਕਰ ਦਿੱਤੀਆਂ।