ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 24 ਜੂਨ
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਸੱਦੇ ਉੱਤੇ ਯੂਨੀਅਨ ਦੀ ਤਹਿਸੀਲ ਇਕਾਈ ਸੁਨਾਮ ਨੇ ਸਬ-ਡਿਵੀਜ਼ਨਲ ਉਪ ਮੈਜਿਸਟ੍ਰੇਟ ਦੇ ਦਫ਼ਤਰ ’ਚ ਨਾਇਬ ਤਹਿਸੀਲਦਾਰ ਮਨਮੋਹਨ ਸਿੰਘ ਨੂੰ ਮੰਗ ਪੱਤਰ ਦਿੱਤਾ। ਮੁੱਖ ਮੰਤਰੀ ਪੰਜਾਬ ਦੇ ਨਾਂ ਇਸ ਮੰਗ ਪੱਤਰ ਰਾਹੀਂ ਜਥੇਬੰਦੀ ਨੇ ਪਿੰਡਾਂ ਦੇ ਗੁਰੂ ਘਰਾਂ ਤੋਂ ਹੋ ਰਹੀਆਂ ਖੇਤ ਮਜ਼ਦੂਰਾਂ ਖ਼ਿਲਾਫ਼ ਅਨਾਊਂਸਮੈਂਟਾਂ ਨੂੰ ਕਰੜੇ ਹੱਥੀਂ ਲੈਂਦਿਆਂ ਅਜਿਹਾ ਕਰਨ ਵਾਲੇ ਲੋਕਾਂ ਅਤੇ ਪੰਚਾਇਤਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਯੂਨੀਅਨ ਦੇ ਵਫ਼ਦ ਗੁਰਚਰਨ ਸਿੰਘ ਜਖੇਪਲ, ਮਾਸਟਰ ਦਰਸ਼ਨ ਮੱਟੂ, ਜੋਗਿੰਦਰ ਸਿੰਘ ਬੱਧਣ ਆਦਿ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਕੰਮ ਜ਼ੋਰਾਂ ’ਤੇ ਹੈ, ਇਸ ਵਾਰ ਪਰਵਾਸੀ ਮਜ਼ਦੂਰ ਘਟਣ ਕਰ ਕੇ ਲੋਕਲ ਮਜ਼ਦੂਰ ਝੋਨਾ ਲਾ ਰਹੇ ਹਨ। ਇਸੇ ਤਰ੍ਹਾਂ ਉਨ੍ਹਾਂ ਨੇ ਹਾੜ੍ਹੀ ਦੀ ਵਾਢੀ ਦੇ ਸੀਜ਼ਨ ਵਿਚ ਵੀ ਮਿਲ ਕੇ ਕੰਮ ਕੀਤਾ ਹੈ। ਪਰ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਕਿਸਾਨਾਂ ਵੱਲੋਂ ਫੈਸਲੇ ਕਰ ਕੇ ਪਿੰਡ ਦੇ ਗੁਰੂ ਘਰਾਂ ਵਿਚੋਂ ਖੇਤ ਮਜ਼ਦੂਰਾਂ ਦੇ ਬਾਈਕਾਟ ਦੀਆਂ ਸਪੀਕਰਾਂ ’ਤੇ ਅਨਾਊਂਸਮੈਂਟ ਕਰ ਰਹੀਆਂ ਹਨ। ਉਹ ਧਮਕੀਆਂ ਦੇ ਰਹੇ ਹਨ ਕਿ ਪੰਚਾਇਤੀ ਰੇਟ ਤੋਂ ਵੱਧ ਕੋਈ ਮਜ਼ਦੂਰ ਪੈਸਾ ਨਹੀਂ ਲੈ ਸਕਦਾ। ਇਹ ਵੀ ਧਮਕੀ ਦੇ ਰਹੇ ਹਨ ਕਿ ਮਜ਼ਦੂਰ ਕਿਸੇ ਬਾਹਰਲੇ ਪਿੰਡ ਵਿੱਚ ਮਜ਼ਦੂਰੀ ਕਰਨ ਨਹੀਂ ਜਾ ਸਕਦੇ। ਪੰਚਾਇਤ ਦੇ ਹੁਕਮ ਨਾ ਮੰਨਣ ਦੀ ਸੂਰਤ ਵਿੱਚ ਸਮਾਜਿਕ ਬਾਈਕਾਟ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਪੰਜਾਬ ਪਿਛਲੇ ਤਿੰਨ ਮਹੀਨਿਆਂ ਤੋਂ ਕਰੋਨਾ ਬਿਮਾਰੀ ਦਾ ਸੰਤਾਪ ਹੰਢਾ ਰਿਹਾ ਹੈ ਤੇ ਮਜ਼ਦੂਰ ਵਰਗ ਦੁਖੀ ਹੈ। ਮੰਗ ਪੱਤਰ ਰਾਹੀਂ ਜਥੇਬੰਦੀ ਨੇ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਫੌਰੀ ਦਖ਼ਲ ਦੇਣ ਦੀ ਮੰਗ ਕੀਤੀ ਹੈ।