ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਅਕਤੂਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਦਫ਼ਤਰੀ ਕਰਮਚਾਰੀਆਂ ਦੀ 8 ਅਕਤੂਬਰ ਤੋਂ ਸ਼ੁਰੂ ਹੋਈ ਕਲਮਛੋੜ ਹੜਤਾਲ ਜਾਰੀ ਹੈ। ਹੜਤਾਲ ਦੇ ਚੌਥੇ ਦਿਨ ਦਫ਼ਤਰੀ ਕਰਮਚਾਰੀਆਂ ਵੱਲੋਂ ਸਮੁੱਚਾ ਕੰਮਕਾਜ ਠੱਪ ਰੱਖਿਆ ਤੇ ਆਪੋ ਆਪਣੇ ਦਫ਼ਤਰਾਂ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਹੜਤਾਲੀ ਕਰਮਚਾਰੀਆਂ ਅਨੁਸਾਰ 17 ਅਕਤੂਬਰ ਤੱਕ ਕਲਮਛੋੜ ਹੜਤਾਲ ਜਾਰੀ ਰਹੇਗੀ। ਜੇ ਫ਼ਿਰ ਵੀ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਹੋਰ ਵੀ ਵੱਡਾ ਤੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਪੰਜਾਬ ਦੇ ਸੂਬਾ ਪ੍ਧਾਨ ਵਾਸਵੀਰ ਸਿੰਘ ਭੁੱਲਰ ਦੀ ਅਗਵਾਈ ਹੇਠ ਜਿਲਾ ਪ੍ਧਾਨ ਰਾਕੇਸ਼ ਸ਼ਰਮਾ, ਰਾਜਵੀਰ ਬਡਰੁੱਖਾਂ ਜਨਰਲ ਸਕੱਤਰ, ਤਰਸੇਮ ਭੱਠਲ ਮੁੱਖ ਬੁਲਾਰਾ ਤੇ ਜ਼ਿਲ੍ਹਾ ਪ੍ਰਧਾਨ ਬਰਨਾਲਾ, ਅਨੁਜ ਸ਼ਰਮਾ ਪ੍ਰੈੱਸ ਸਕੱਤਰ, ਯਾਦਵਿੰਦਰ ਗਿੱਲ ਸਲਾਹਕਾਰ, ਹਰਵਿੰਦਰ ਕਾਲਾ ਘਰਾਚੋਂ ਪ੍ਰਬੰਧਕੀ ਸਕੱਤਰ, ਸੰਦੀਪ ਸ਼ੇਰਗਿੱਲ ਸਲਾਹਕਾਰ ਆਦਿ ਜ਼ਿਲ੍ਹਾ ਕਾਰਜਕਾਰਨੀ ਟੀਮ ਨਾਲ ਬੀਡੀਪੀਓ, ਭੂਮੀ ਰੱਖਿਆ, ਬੀਐਂਡਆਰ, ਆਯੂਰਵੈਦਿਕ, ਸਿੱਖਿਆ ਵਿਭਾਗ, ਖੇਤੀਬਾੜੀ ਵਿਭਾਗ, ਖਜ਼ਾਨਾ ਦਫਤਰ, ਸਿਵਲ ਸਰਜਨ ਦਫ਼ਤਰ, ਜਲ ਸਪਲਾਈ ਸੈਨੀਟੇਸ਼ਨ ਵਿਭਾਗ, ਐਕਸਾਈਜ਼ ਦਫ਼ਤਰ, ਮੰਡੀ ਬੋਰਡ, ਇਸਤਰੀ ਤੇ ਬਾਲ ਵਿਕਾਸ ਵਿਭਾਗ ਆਦਿ ਦਾ ਦੌਰਾ ਕਰਕੇ ਕਲਮਛੋੜ ਹੜਤਾਲ ਸਫ਼ਲ ਹੋਣ ਦਾ ਦਾਅਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਮੂਹ ਦਫ਼ਤਰਾਂ ਵਿੱਚ ਕੰਮਕਾਜ ਮੁਕੰਮਲ ਤੌਰ ’ਤੇ ਠੱਪ ਹੈ।
ਇਸ ਮੌਕੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਜਥੇਬੰਦੀ ਸੰਘਰਸ਼ ਦੇ ਰਾਹ ’ਤੇ ਹੈ, ਇਸ ਦੌਰਾਨ ਸਰਕਾਰ ਨਾਲ ਮੀਟਿੰਗਾਂ ਵੀ ਹੋਈਆਂ ਪਰ ਅਜੇ ਤੱਕ ਮੁਲਾਜਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦਿੱਤੇ ਗਏ, ਜਿਸ ਕਾਰਨ ਸਮੁੱਚੇ ਮੁਲਾਜਮਾਂ ਅੰਦਰ ਸਰਕਾਰ ਪ੍ਰਤੀ ਭਾਰੀ ਰੋਸ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਵੱਲੋਂ ਸਾਡੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਸੂਬਾ ਕਮੇਟੀ ਦੇ ਹੁਕਮਾਂ ਅਨੁਸਾਰ ਕਲਮਛੋੜ ਹੜਤਾਲ 17 ਅਕਤੂਬਰ ਤੱਕ ਲਗਾਤਾਰ ਜਾਰੀ ਰਹੇਗੀ ਤੇ ਇਸ ਉਪਰੰਤ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।