ਹਰਦੀਪ ਸਿੰਘ ਸੋਢੀ
ਧੂਰੀ, 19 ਅਕਤੂਬਰ
ਨਗਰ ਕੌਂਸਲ ਧੂਰੀ ਵੱਲੋਂ ਸ਼ਹਿਰ ਦੇ ਮੁਹੱਲਿਆਂ ਤੋਂ ਇਲਾਵਾ ਹੋਰ ਕਈ ਇਲਾਕਿਆਂ ਦੀਆਂ ਸੜਕਾਂ ’ਤੇ ਬਣਾਏ ਗਏ ਲੋੜ ਤੋਂ ਵੱਧ ਸਪੀਡ ਬਰੇਕਰ ਹਾਦਸਿਆਂ ਦਾ ਕਾਰਨ ਬਣਨ ਲੱਗੇ ਹਨ। ਇਸ ਸਬੰਧੀ ਬੀਤੇ ਦਿਨ ‘ਪੰਜਾਬੀ ਟ੍ਰਿਬਿਊਨ’ ਅਖਬਾਰ ਵਿੱਚ ਖ਼ਬਰ ਪ੍ਰਕਾਸ਼ਿਤ ਹੋਈ ਸੀ ਤੇ ਖਬਰ ਰਾਹੀਂ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਇਸ ਮਗਰੋਂ ਅੱਜ ਪ੍ਰਸ਼ਾਸਨ ਨੇ ਸਪੀਡ ਬਰੇਕਰਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਇਸ ਸਬੰਧੀ ਸ਼ਹਿਰ ਦੇ ਲੋਕਾਂ ਨੇ ਦੱਸਿਆ ਕਿ ਵਾਰਡ ਨੰਬਰ 4 ਤੇ 5 ਤੋਂ ਇਲਾਵਾ ਕ੍ਰਿਸ਼ਨਾ ਕੰਪਲੈਕਸ, ਪਾਰਕ ਰੋਡ ਆਦਿ ਸੜਕਾਂ ’ਤੇ ਬਣੇ ਸਪੀਡ ਬਰੇਕਰਾਂ ਨੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਵਿੱਚ ਪਾਇਆ ਹੋਇਆ ਸੀ ਤੇ ਇਨ੍ਹਾਂ ਸਪੀਡ ਬਰੇਕਰਾਂ ਕਾਰਨ ਰਾਤ ਸਮੇਂ ਕਈ ਹਾਦਸੇ ਵਾਪਰ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਸਪੀਡ ਬਰੇਕਰਾਂ ਨੂੰ ਹਟਾਉਣ ਲਈ ਕਈ ਵਾਰ ਸਬੰਧਤ ਮਹਿਕਮੇ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਸੜਕਾਂ ’ਤੇ ਬਣਾਏ ਸਪੀਡ ਬਰੇਕਰਾਂ ਨੂੰ ਕਿਸ ਦੇ ਕਹਿਣ ’ਤੇ ਬਣਾਇਆ ਗਿਆ ਸੀ, ਦੀ ਜਾਂਚ ਨਿਰਪੱਖ ਤਰੀਕੇ ਨਾਲ ਹੋਣੀ ਚਾਹੀਦੀ ਹੈ।