ਰਮੇਸ਼ ਭਾਰਦਵਾਜ
ਲਹਿਰਾਗਾਗਾ, 3 ਜੂਨ
ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਜੱਦੀ ਪਿੰਡ ਚੰਗਾਲੀਵਾਲਾ ’ਚ ਐੱਨਆਰਐੱਚਐੱਮ ਯੋਜਨਾ ਅਧੀਨ 10 ਦਲਿਤ ਔਰਤਾਂ ਨੇ ਸਵੈ ਰੁਜ਼ਗਾਰ ਦਾ ਇੱਕ ਗਰੁੱਪ ਬਣਾਇਆ ਸੀ ਤੇ ਰਾਖਵੀਂ ਜ਼ਮੀਨ ਡੇਢ ਏਕੜ 5500 ਰੁਪਏ ’ਚ ਠੇਕੇ ’ਤੇ ਲਈ ਸੀ, ਪਰ ਇਸ ਵਾਰ ਠੇਕਾ 83 ਹਜ਼ਾਰ ਤੋਂ ਵੱਧ ਹੋਣ ਕਰ ਕੇ ਸਿਰਫ਼ ਚਾਰ ਔਰਤਾਂ ਨੇ ਹਿੰਮਤ ਦਿਖਾਈ ਹੈ। ਉਨ੍ਹਾਂ ਨੂੰ ਆਈਸੀਆਈ ਫਾਊਂਡੇਸ਼ਨ ਨੇ ਸਿਖਲਾਈ ਤੇ ਬੀਜ ਆਦਿ ਮੁਫ਼ਤ ਦੇਣ ਦਾ ਪ੍ਰਬੰਧ ਕੀਤਾ। ਇਸ ਦਲਿਤ ਔਰਤਾਂ ਦੇ ਗਰੁੱਪ ’ਚ ਮਹਿਜ਼ ਚਾਰ ਔਰਤਾਂ ਪੂਰੇ ਸਿਰੜ ਨਾਲ ਯਤਨ ਕਰਕੇ ਜੈਵਿਕ ਸਬਜੀਆਂ ਦੀ ਕਾਸਤ ਕਰਕੇ ਪਰਿਵਾਰਾਂ ਨੂੰ ਪਾਲਣ ਕਰ ਰਹੀਆਂ ਹਨ। ਔਰਤਾਂ ਖੇਤ ’ਚ ਖ਼ੁਦ ਜੈਵਿਕ ਖੇਤੀ ਕਰਕੇ ਲਹਿਰਾਗਾਗਾ-ਸੁਨਾਮ ਮੁੱਖ ਸੜਕ ’ਤੇ ਬਣਾਈ ਹੱਟ ’ਚ ਸਬਜ਼ੀਆਂ ਵੀ ਖ਼ੁਦ ਵੇਚਦੀਆਂ ਹਨ। ਪੰਚਾਇਤੀ ਜ਼ਮੀਨਾਂ ਦੇ ਠੇਕੇ ਹਰ ਸਾਲ ਵਧਣ ਕਰਕੇ ਠੇਕੇ ’ਤੇ ਜ਼ਮੀਨ ਲੈ ਕੇ ਜੈਵਿਕ ਖੇਤੀ ਕਰਨ ਵਾਲੀਆਂ ਔਰਤਾਂ ਨਿਰਾਸ਼ ਹਨ। ਲਾਕਡਾਊਨ ਤੇ ਗੜੇਮਾਰੀ ਕਰਕੇ ਦਲਿਤ ਗਰੁੱਪ ਦੇ ਲੱਖਾਂ ਰੁਪਏ ਦੇ ਫੁੱਲ, ਟਮਾਟਰ ਆਦਿ ਮਾਰੇ ਗਏ ਸਨ। ਮੁਖੀ ਗੁਰਮੀਤ ਕੌਰ ਅਨੁਸਾਰ ਤਿੰਨ ਸਾਲ ਪਹਿਲਾਂ 10 ਔਰਤਾਂ ਦੇ ਸੈਲਫ਼ ਹੈਲਪ ਗਰੁੱਪ ’ਚ ਸਿਰਫ਼ ਚਾਰ ਔਰਤਾਂ ਨੇ ਹੀ ਜੇਰਾ ਦਿਖਾਇਆ ਹੈ। ਕਾਸ਼ਤਕਾਰ ਹਰਬੰਸ ਕੌਰ ਤੇ ਰੋਹਿਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਠੇਕੇ ਵਾਲੀ ਜ਼ਮੀਨ ’ਚੋਂ ਇੱਕ ਏਕੜ ਝੋਨਾ ਤੇ ਅੱਧੇ ਏਕੜ ’ਚ ਖ਼ੁਦ ਸ਼ਹਿਦ, ਜੈਵਿਕ ਭਿੰਡੀ, ਕੱਦੂ, ਤੋਰੀ, ਕਰੇਲੇ, ਛੋਲੇ ਫਲੀ, ਸਰੋਂ ਦਾ ਸਾਗ ਪਾਲਕ, ਟਮਾਟਰ ਦੀ ਕਾਸ਼ਤ ਕੀਤੀ ਹੈ। ਉਨ੍ਹਾਂ ਝੋਨੇ ’ਚ ਵੀ ਇਕੱਲੀ ਰੂੜੀ ਦੀ ਖਾਦ ਤੇ ਸਰੋਂ ਦੀ ਖੱਲ ਹੀ ਪਾਈ ਹੈ ਤੇ ਝਾੜ ਵੀ ਚੰਗਾ ਨਿਕਲਣ ਦੀ ਉਮੀਦ ਹੈ। ਆਈਸੀਆਈ ਫਾਊਂਡੇਸ਼ਨ ਅਨੁਸਾਰ ਮਸ਼ਰੂਮਾਂ ਦੇ ਬੈਗ ਦੇ ਕੇ ਤਾਜੀ ਮਸ਼ਰੂਮ ਉਗਾਉਣ, ਜੈਵਿਕ ਖੇਤੀ ਲਈ 20 ਹਜ਼ਾਰ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੱਲੋਂ 40 ਹਜ਼ਾਰ ਦੀ ਆਰਥਿਕ ਮਦਦ ਦੇਣ ਦੇ ਵਾਅਦੇ ਕਰਕੇ ਦਲਿਤ ਔਰਤਾਂ 83 ਹਜ਼ਾਰ ਕਰਜ਼ੇ ’ਤੇ ਲੈ ਕੇ ਠੇਕੇ ’ਤੇ ਜ਼ਮੀਨ ਲੈ ਕੇ ਜੀਅ ਜਾਨ ਤੇ ਲੱਕ ਤੋੜਵੀਂ ਮਿਹਨਤ ਕਰ ਕੇ ਖ਼ੁਦ ਵੇਚਣ ਲਈ ਸਰਗਰਮ ਹਨ।