ਨਿੱਜੀ ਪੱਤਰ ਪ੍ਰੇਰਕ
ਸੰਗਰੂਰ,15 ਅਪਰੈਲ
ਸੈਂਕੜੇ ਭੱਠਾ ਮਜ਼ਦੂਰਾਂ ਵਲੋਂ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਵਿਸ਼ਾਲ ਰੋਸ ਰੈਲੀ ਕੀਤੀ ਗਈ। ਰੈਲੀ ਦੌਰਾਨ 1 ਮਾਰਚ 2020 ਤੋਂ ਪੰਜਾਬ ਵਿਚ ਰੋਕੀਆਂ ਘੱਟੋ ਘੱਟ ਉਜਰਤਾਂ ਤੁਰੰਤ ਜਾਰੀ ਕਰਨ, ਰੱਦ ਕੀਤੇ 44 ਕਿਰਤ ਕਾਨੂੰਨ ਬਹਾਲ ਕਰਨ, ਚਾਰ ਲੇਬਰ ਕੋਡ ਰੱਦ ਕਰਨ ਅਤੇ ਕਿਸਾਨ ਅੰਦੋਲਨ ਦੌਰਾਨ ਦਰਜ ਕੀਤੇ ਕੇਸ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਸਥਾਨਕ ਬਨਾਸਰ ਬਾਗ ਵਿਚ ਰੋਸ ਰੈਲੀ ਨੂੰ ਸੀਟੂ ਪੰਜਾਬ ਦੇ ਮੀਤ ਪ੍ਰਧਾਨ ਤਰਸੇਮ ਜੋਧਾਂ ਨੇ ਸੰਬੋਧਨ ਕੀਤਾ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਮਾਲਕਾਂ ਦੇ ਇੱਕ ਧੜੇ ਵਲੋਂ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਤੋਂ ਲਾਂਭੇ ਕੀਤੇ ਇੱਕ ਗਰੁੱਪ ਨਾਲ ਗੱਲਬਾਤ ਕਰਕੇ ਮਜ਼ਦੂਰਾਂ ਦੀ ਪਿੱਠ ਵਿਚ ਛੁਰਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਸਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇ ਬਰਨਾਲਾ ਜ਼ਿਲ੍ਹੇ ਦੇ ਭੱਠਾ ਮਾਲਕ ਮਜ਼ਦੂਰ ਆਗੂਆਂ ਨਾਲ ਮਿਲ ਬੈਠ ਕੇ ਸਨਮਾਨਯੋਗ ਸਮਝੌਤਾ ਨਹੀਂ ਕਰਦੇ ਤਾਂ ਮਜ਼ਦੂਰਾਂ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਸਹਾਇਕ ਲੇਬਰ ਕਮਿਸ਼ਨਰ ਦੇ ਦਫਤਰ ਹੋਈ ਮੀਟਿੰਗ ਦੌਰਾਨ ਫੈਸਲਾ ਕੀਤਾ ਹੈ ਕਿ ਇਨ੍ਹਾਂ ਮੰਗਾਂ ਦੇ ਹੱਲ ਲਈ 22 ਅਪਰੈਲ ਤੱਕ ਗੱਲਬਾਤ ਕੀਤੀ ਜਾਵੇਗੀ। ਰੈਲੀ ਨੂੰ ਰਣਜੀਤ ਸਿੰਘ ਸਾਇਆਂ, ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਬੱਗਾ, ਪਰਵਿੰਦਰ ਕੁਮਾਰ, ਦਰਸ਼ਨ ਸਿੰਘ ਕੰਗਣਵਾਲ, ਹਰੀ ਸਿੰਘ ਤੋਲਾਵਾਲ, ਜਸਵਿੰਦਰ ਸਿੰਘ ਮਹੇਰਨਾ, ਮਾਨ ਸਿੰਘ ਗੁਰਮ, ਪ੍ਰੀਤਮ ਸਿੰਘ ਸਹਿਜੜਾ, ਨਜ਼ੀਰ ਮੁਹੰਮਦ ਆਦਿ ਨੇ ਵੀ ਸੰਬੋਧਨ ਕੀਤਾ।