ਕਰਮਵੀਰ ਸੈਣੀ
ਮੂਨਕ, 8 ਫਰਵਰੀ
ਇੱਥੇ ਅੱਜ ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਹਲਕੇ ਦੇ ਲੋਕਾਂ ਨੇ ਲੱਡੂਆਂ ਨਾਲ ਤੋਲਿਆ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪਿਛਲੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਇਸ ਵਾਰ ਵੀ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ।
ਇਕੱਠ ਨੂੰ ਸੰਬੋਧਨ ਕਰਦਿਆਂ ਢੀਂਡਸਾ ਨੇ ਕਿਹਾ,‘ਲੋਕਾਂ ਦੇ ਭਲੇ ਤੇ ਹਰ ਤ੍ਰਾਸਦੀ ਸਮੇਂ ਹਲਕੇ ਦੇ ਲੋਕਾਂ ਨਾਲ ਖੜ੍ਹਿਆ ਹਾਂ। ਕਰੋਨਾ ਮਹਾਮਾਰੀ ਕਾਰਨ ਲੱਗੇ ਲੌਕਡਾਊਨ ਵੇਲੇ ਸਾਡੇ ਸਾਰੇ ਪਰਿਵਾਰ ਨੇ ਇੱਥੇ ਰਹਿ ਕੇ ਪ੍ਰਭਾਵੀ ਢੰਗ ਨਾਲ ਲੋਕਾਂ ਦੀ ਸੇਵਾ ਕੀਤੀ। ਉਸ ਵੇਲੇ ਹਾੜੀ ਦਾ ਸੀਜ਼ਨ ਹੋਣ ਕਰਕੇ ਕਿਸਾਨਾਂ, ਮਜ਼ਦੂਰਾਂ ਤੇ ਦੁਕਾਨਦਾਰਾਂ ਨੂੰ ਸਾਜ਼ੋ-ਸਾਮਾਨ ਵੀ ਵੰਡਿਆ ਗਿਆ ਅਤੇ ਪ੍ਰਸ਼ਾਸਨ ਨੂੰ ਚੁਸਤ-ਦਰੁਸਤ ਲਈ ਮੀਡੀਆ ਰਾਹੀਂ ਹਰ ਜ਼ਿੰਮੇਵਾਰੀ ਬਾਖੂਬੀ ਨਿਭਾਈ। ਇਸ ਮੌਕੇ ਕੰਵਰਜੀਤਪਾਲ ਸਿੰਘ ਸੰਧੂ, ਸੁਖਵੰਤ ਸਿੰਘ ਸਰਾਓ, ਰਾਮਪਾਲ ਸਿੰਘ ਬਹਿਣੀਵਾਲ, ਜੈਪਾਲ ਸੈਣੀ, ਭੀਮ ਸੈਨ ਗਰਗ, ਪ੍ਰਕਾਸ਼ ਮਲਾਣਾ, ਕਾਬਲ ਸੇਖੋਂ, ਪ੍ਰਦੀਪ ਰਾਓ, ਬੰਟੂ ਸੈਣੀ, ਜਤਿੰਦਰ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜ਼ਰ ਸਨ।
ਲਹਿਲ ਕਲਾਂ ਦੀ ਪੰਚਾਇਤ ਅਕਾਲੀ ਦਲ ਸੰਯੁਕਤ ’ਚ ਸ਼ਾਮਲ
ਲਹਿਰਾਗਾਗਾ: ਪਿੰਡ ਲਹਿਲ ਕਲਾਂ ਵਿੱਚ ਪਿੰਡ ਦੀ ਸਮੂਹ ਪੰਚਾਇਤ ਅਤੇ ਪਤਵੰਤੇ ਵਿਅਕਤੀਆਂ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਬਣਦਾ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। -ਪੱਤਰ ਪ੍ਰੇਰਕ