ਰਮੇਸ਼ ਭਾਰਦਵਾਜ
ਲਹਿਰਾਗਾਗਾ, 6 ਜੁਲਾਈ
ਨਰਮੇ ਦੀ ਫਸਲ ਦਾ ਰਸ ਚੂਸਣ ਤੇ ਟੀਂਡੇ ਖਰਾਬ ਕਰਨ ਵਾਲੀ ਸੁੰਡੀ ਦੇ ਅਗੇਤੇ ਹਮਲੇ ਕਰਕੇ ਖੇਤੀ ਸਲਾਹਕਾਰ ਸੇਵਾ ਕੇਂਦਰ ਦੇ ਮੁੱਖ ਖੇਤੀ ਸਲਾਹਕਾਰ ਡਾ . ਬੂਟਾ ਸਿੰਘ ਰੋਮਾਣਾ ਵੱਲੋਂ ਪਿੱਛਲੇ ਦੋ ਹਫਤਿਆਂ ਦੌਰਾਨ ਚਿੱਟੀ ਮੱਖੀ ਦੇ ਵੱਧਦੇ ਹਮਲੇ ਨੂੰ ਦੇਖਦਿਆਂ ਕਿਸਾਨਾਂ ਵੱਲੋਂ 1-2 ਛਿੜਕਾਅ ਕਰਕੇ ਇਸ ਦਾ ਕਾਫੀ ਹੱਦ ਤੱਕ ਹਮਲਾ ਰੋਕਣ ਦਾ ਦਾਅਵਾ ਕਰਦਿਆਂ ਕਿਹਾ ਕਿ ਅਜੇ ਅਵੇਸਲੇ ਹੋਣ ਦੀ ਬਿਜਾਏ ਇਸ ਦਾ ਨਿਰੀਖਣ ਕਰਨ ਦੀ ਲੋੜ ਹੈ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਲਹਿਰਾਗਾਗਾ ਦਫਤਰ ਤੋਂ ਅਮਨਦੀਪ ਸਿੰਘ, ਪੀਏਯੂ ਤੋਂ ਰਵਿੰਦਰ ਸਿੰਘ ਤੇ ਤਰਸਵੀਰ ਸਿੰਘ ਅਤੇ ਅਗਾਂਹਵਧੂ ਕਿਸਾਨ ਭੁਪਿੰਦਰ ਸਿੰਘ ਅਤੇ ਮੇਲਾ ਸਿੰਘ ਨੇ ਸਰਵੇ ਕਰਕੇ ਕਿਹਾ ਕਿ ਜੇਕਰ ਹਮਲਾ ਆਖਰੀ ਕਗਾਰ ਤੋਂ ਘੱਟ ਹੈ ਤਾਂ ਨਿੰਮ ਦੇ ਘਰੇ ਬਣਾਏ ਘੋਲ ਜਾਂ ਇਸ ਦੇ ਬਾਜ਼ਾਰੂ ਉਤਪਾਦ ਨਾਲ ਹੀ ਇਸ ਦੀ ਰੋਕਥਾਮ ਕਰੋ ਅਤੇ ਜ਼ਿਆਦਾ ਨੁਕਸਾਨ ਦੀ ਹੱਦ ਵਿੱਚ ਹੀ ਖੇਤੀ ਮਾਹਿਰਾਂ ਜਾਂ ਅਫਸਰਾਂ ਦੀ ਸਲਾਹ ਨਾਲ ਛਿੜਕਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਚਾਹੇ ਭੂਰੀ ਜੂੰ ਜਾਂ ਹਰੇ ਤੇਲੇ ਦਾ ਹਮਲਾ ਵੀ ਹੋ ਰਿਹਾ ਹੈ ਪਰ ਕੁਝ ਦਿਨਾਂ ਤੋਂ ਨਰਮੇ ਦੇ ਫੁੱਲਾਂ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਨੇ ਕਿਸਾਨਾਂ ਦੀ ਚਿੰਤਾ ਵਧਾਈ ਹੋਈ ਹੈ। ਚਾਹੇ ਇਹ ਸੁੰਡੀ ਵਿਰਲੇ ਵਿਰਲੇ ਖੇਤਾਂ ਵਿੱਚ ਹੀ ਬਹੁਤ ਘੱਟ ਗਿਣਤੀ ਵਿੱਚ ਪਾਈ ਗਈ ਹੈ ਪਰ ਅਗੇਤਾ ਹਮਲਾ ਹੋਣ ਕਰਕੇ ਕਿਸਾਨ ਘਬਰਾਏ ਹੋਏ ਜ਼ਰੂਰ ਹਨ। ਉਨ੍ਹਾਂ ਕਿਸਾਨਾਂ ਨੂੰ ਕੀੜਿਆਂ ਦੇ ਘੱਟ ਹਮਲੇ ਨੂੰ ਮੱਦੇਨਜ਼ਰ ਰੱਖਦਿਆਂ ਕਰੜੀਆਂ ਸਪਰੇਆਂ ਕਰਨ ਤੋਂ ਵਰਜਦਿਆਂ ਕਿਹਾ ਕਿ ਟੀਂਡੇ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸ਼ਿੰਥੈਟਿਕ ਦਵਾਈਆਂ ਨਾ ਵਰਤੀਆਂ ਜਾਣ ਅਤੇ ਇਸ ਦੀ ਬਜਾਏ ਆਪਣੇ ਖੇਤਰ ਦੇ ਖੇਤੀ ਅਫਸਰਾਂ ਜਾਂ ਖੇਤੀ ਮਾਹਿਰਾਂ ਨਾਲ ਹੀ ਰਾਬਤਾ ਰੱਖਿਆ ਜਾਵੇ। ਇਨ੍ਹਾਂ ਕੀੜਿਆਂ ਦਾ ਖੇਤਾਂ ਵਿੱਚ ਨਿਰੀਖਣ ਕਰਕੇ ਸਿਖਲਾਈ ਦਿੱਤੀ ਗਈ। ਇਸ ਦੇ ਨਾਲ ਹੀ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ ਕਰਕੇ ਸਮੱਸਿਆਵਾਂ ਬਾਰੇ ਕਿਸਾਨਾਂ ਨੂੰ ਸੁਝਾਅ ਦਿੱਤੇ ਗਏ।