ਪੱਤਰ ਪ੍ਰੇਰਕ
ਭਵਾਨੀਗੜ੍ਹ, 6 ਜੁਲਾਈ
ਇਲਾਕੇ ਦੀ ਸਭ ਤੋਂ ਪੁਰਾਣੀ ਤੇ ਮੋਹਰੀ ਸਰਕਾਰੀ ਸਹਾਇਤਾ ਪ੍ਰਾਪਤ ਵਿੱਦਿਅਕ ਸੰਸਥਾ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਨੂੰ ਪੰਜਾਬ ਸਰਕਾਰ ਵੱਲੋਂ ਆਪਣੇ ਹੱਥਾਂ ਵਿੱਚ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਦੱਸਣਯੋਗ ਹੈ ਕਿ 40 ਕੁ ਸਾਲ ਪਹਿਲਾਂ ਇਲਾਕੇ ਦੇ ਵਿਦਿਆਰਥੀਆ ਦੀ ਸਹੂਲਤ ਲਈ ਇਹ ਕਾਲਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭਵਾਨੀਗੜ ਵਿੱਚ ਖੋਲ੍ਹਿਆ ਗਿਆ ਸੀ। ਕਾਲਜ ਦੀ ਪ੍ਰਬੰਧਕ ਕਮੇਟੀ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਕੰਮ ਕਰਦੀ ਆ ਰਹੀ ਹੈ। ਕਾਲਜ ਪ੍ਰਿੰਸੀਪਲ ਅਤੇ ਸਟਾਫ ਨੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਕਾਲਜ ਸਰਕਾਰੀ ਕਰਨ ਸਬੰਧੀ ਮੰਗ ਪੱਤਰ ਸੌਪਿਆ ਸੀ। ਉਨ੍ਹਾਂ ਇਸ ਮੰਗ ਨੂੰ ਸਰਕਾਰ ਤੱਕ ਪਹੁੰਚਾਇਆ ਅਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਸਬੰਧੀ ਚੱਲ ਰਹੀ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕਾਲਜ ਪ੍ਰਿੰਸੀਪਲ, ਸਮੂਹ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਧੰਨਵਾਦ ਕੀਤਾ ਗਿਆ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਹ ਇਲਾਕੇ ਦੀ ਇਸ ਸੰਸਥਾ ਦੇ ਵਿਕਾਸ ਲਈ ਹਰ ਪੱਖੋਂ ਸਹਿਯੋਗ ਦਿੰਦੇ ਰਹਿਣਗੇ।