ਪੱਤਰ ਪ੍ਰੇਰਕ
ਖਨੌਰੀ, 11 ਦਸੰਬਰ
ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਮੰਨਣ ਤੋਂ ਬਾਅਦ ਦਿੱਲੀ ਬਾਰਡਰ ਤੋਂ ਮੋਰਚਾ ਫਤਿਹ ਕਰ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿਚ ਬੀਕੇਯੂ ਉਗਰਾਹਾਂ ਦਾ ਜਥਾ ਖਨੌਰੀ ਬਾਰਡਰ ’ਤੇ ਵਾਪਸ ਪਰਤਿਆ ਜਿੱਥੇ ਕਿਸਾਨਾਂ ਦਾ ਫੁੱਲਾਂ ਦੀ ਵਰਖਾ, ਪਟਾਕੇ ਚਲਾ ਕੇ ਅਤੇ ਹਾਰ ਪਾ ਕੇ ਸੁਆਗਤ ਕੀਤਾ ਗਿਆ। ਇਸ ਮੌਕੇ ਸ੍ਰੀ ਉਗਰਾਹਾਂ ਨੇ ਬਾਰਡਰ ’ਤੇ ਹਰਿਆਣਾ ਦੇ ਆਖਰੀ ਪਿੰਡ ਦਾਤਾ ਸਿੰਘ ਵਾਲਾ ਵਿਚ ਕਿਸਾਨਾਂ ਦੇ ਵੱਡੇ ਇਕੱਠ ਨੂੰ ਵੀ ਸੰਬੋਧਨ ਕੀਤਾ ਤੇ ਚੰਨੀ ਸਰਕਾਰ ਨਾਲ ਮੱਥਾ ਲਾਉਣ ਲਈ ਵੀ ਤਿਆਰ ਰਹਿਣ ਲਈ ਆਖਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਫਤਿਹ ਹਾਸਲ ਕਰ ਲਈ ਹੈ। ਹੁਣ ਕਰਜ਼ੇ ਮੁਆਫੀ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਾਂਗੇ। ਉਨਾਂ ਸਰਕਾਰ ਵੱਲੋਂ ਟੌਲ ਪਲਾਜ਼ਿਆਂ ਦੀਆਂ ਫੀਸਾਂ ਦੁੱਗਣੀਆਂ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਇਹ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਟੌਲ ਪਲਾਜ਼ਾ ਨੂੰ ਫਿਰ ਤੋਂ ਬੰਦ ਕਰ ਦਿੱਤਾ ਜਾਵੇਗਾ।
ਦੇਵੀਗੜ੍ਹ (ਪੱਤਰ ਪ੍ਰੇਰਕ): ਕੇਂਦਰ ਦੀ ਮੋਦੀ ਸਰਕਾਰ ਨੂੰ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣੇ ਪਏ ਹਨ ਤੇ ਕਿਸਾਨਾਂ ਦੀ ਹੋਰ ਮੰਗਾਂ ਵੀ ਮੰਨੀਆਂ ਗਈਆਂ ਹਨ। ਇਨ੍ਹਾਂ ਮੰਗਾਂ ਨੂੰ ਮਨਵਾਉਣ ਲਈ ਲੰਬੇ ਸਮੇਂ ਤੋਂ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਘਰ ਵਾਪਸੀ ’ਤੇ ਪੰਜਾਬ ਬਾਰਡਰ ’ਤੇ ਕਿਸਾਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਦੇ ਮੈਂਬਰ ਅਤੇ ਭਾਰਤੀ ਕਿਸਾਨ ਮੰਚ ਸ਼ਾਦੀਪੁਰ ਦੇ ਕੌਮੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਮੁੜ ਸ਼ੁਰੂ ਹੋਵੇਗਾ। ਦਿੱਲੀ ਬਾਰਡਰਾਂ ਤੋਂ ਵਾਪਸ ਪਰਤੇ ਕਿਸਾਨ ਆਗੂਆਂ ਦਾ ਹਰਮੀਤ ਸਿੰਘ ਪਠਾਣਮਾਜਰਾ, ਹਰਿੰਦਰਪਾਲ ਸਿੰਘ ਹੈਰੀਮਾਨ, ਜਗਤਾਰ ਸਿੰਘ ਜੱਗਾ, ਬਲਵਿੰਦਰ ਸਿੰਘ ਲਾਹੌਰੀਆ, ਅੰਗਰੇਜ਼ ਸਿੰਘ ਬ੍ਰਹਮਪੁਰ, ਮਹਿਮਾ ਸਿੰਘ ਨੇ ਸਵਾਗਤ ਕੀਤਾ।
ਟਰੈਕਟਰਾਂ ਦੇ ਕਾਫਲੇ ਨਾਲ ਪਿੰਡਾਂ ਵਿਚ ਕੱਢਿਆ ਮਾਰਚ: ਸੰਦੌੜ (ਪੱਤਰ ਪ੍ਰੇਰਕ): ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਅਤੇ ਦਿੱਲੀ ਅੰਦੋਲਨ ਜਿੱਤ ਕੇ ਵਾਪਸ ਪਹੁੰਚੇ ਪਿੰਡ ਸੰਦੌੜ ਦੇ ਕਿਸਾਨਾਂ ਦਾ ਅੱਜ ਫੁੱਲਾਂ ਦੀ ਵਰਖਾ ਕਰਕੇ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਕਿਸਾਨਾਂ ਨੇ ਟਰੈਕਟਰਾਂ ਦੇ ਵੱਡੇ ਕਾਫਲੇ ਨਾਲ ਦਿੱਲੀ ਤੋਂ ਆਏ ਕਿਸਾਨਾਂ ਨੂੰ ਢੋਲ ਢਮੱਕੇ ਅਤੇ ਪਟਾਖੇ ਚਲਾ ਕੇ ਪਿੰਡ ਵਿਚ ਲਿਆਂਦਾ ਗਿਆ ਅਤੇ ਪੂਰੇ ਪਿੰਡ ਵਿਚੋਂ ਦੀ ਫਤਹਿ ਮਾਰਚ ਵੀ ਕੱਢਿਆ ਗਿਆ।ਇਸ ਦੌਰਾਨ ਪਿੰਡ ਦੀ ਪੰਚਾਇਤ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਕਿਸਾਨਾਂ ਦਾ ਸਨਮਾਨ ਵੀ ਕੀਤਾ।
ਦਿੱਲੀ ਸੰਘਰਸ਼ ’ਚ ਪਟਿਆਲਵੀਆਂ ਦਾ ਵੱਡਾ ਯੋਗਦਾਨ
ਡਕਾਲਾ (ਪੱਤਰ ਪ੍ਰੇਰਕ): ਪਟਿਆਲਾ ਜ਼ਿਲ੍ਹੇ ਦਾ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਸੰਘਰਸ਼ ’ਚ ਵੱਡਾ ਤੇ ਅਹਿਮ ਯੋਗਦਾਨ ਰਿਹਾ ਹੈ। ਪੰਜਾਬ ’ਚ ਪਟਿਆਲਾ ਜ਼ਿਲ੍ਹਾ ਭੂਗੋਲਿਕ ਲਿਹਾਜ਼ ਤੋਂ ਦਿੱਲੀ ਸੰਘਰਸ਼ ਦੇ ਨੇੜੇ ਸੀ, ਉਥੇ ਹੀ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਵਿੱਚ ਵੀ ਪਟਿਆਲਵੀ ਆਗੂਆਂ ਦਾ ਵੱਡਾ ਯੋਗਦਾਨ ਸੀ। ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਵਿਚ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ, ਭਾਰਤੀ ਕਿਸਾਨ ਮੰਚ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ.ਦਰਸ਼ਨ ਪਾਲ, ਪ੍ਰੇਮ ਸਿੰਘ ਭੰਗੂ ਤੇ ਨੌਜਵਾਨ ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਹਨ ਜਿਨ੍ਹਾਂ ਨੇ ਮੋਰਚੇ ਦੀ ਅਗਵਾਈ ਕਰਨ ਵਿੱਚ ਅਹਿਮ ਹੱਥ ਵਟਾਇਆ।
ਫਤਿਹ ਮਾਰਚ ਦਾ ਗੋਬਿੰਦਪੁਰਾ ਟੌਲ ਪਲਾਜ਼ਾ ’ਤੇ ਸਵਾਗਤ
ਪਾਤੜਾਂ (ਪੱਤਰ ਪ੍ਰੇਰਕ): ਫਤਹਿ ਮਾਰਚ ਦਾ ਪੰਜਾਬ ਹਰਿਆਣਾ ਸਰਹੱਦ ’ਤੇ ਪਿੰਡ ਗੋਬਿੰਦਪੁਰਾ ਪੈਂਦ ਟੌਲ ਪਲਾਜ਼ੇ ਉੱਤੇ ਕਿਸਾਨਾਂ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਪਿੰਡਾਂ ਦੇ ਲੋਕਾਂ ਨੇ ਕਾਫਲਿਆਂ ਦੀ ਸ਼ਕਲ ਵਿੱਚ ਲੰਘ ਰਹੇ ਕਿਸਾਨਾਂ ਲਈ ਲੰਗਰਾਂ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ। ਫੁੱਲਾਂ ਦੀ ਵਰਖਾ ਕਰਕੇ ਜਿੱਤ ਦੀ ਖ਼ੁਸ਼ੀ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਮੋਰਚੇ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਆਗੂਆਂ ਦੇ ਗਲਾਂ ਵਿੱਚ ਹਾਰ ਪਾ ਕੇ ਸਵਾਗਤ ਕੀਤਾ।
ਲੱਡਾ ਟੌਲ ਪਲਾਜ਼ਾ ’ਤੇ ਧਰਨਾ ਜਾਰੀ
ਧੂਰੀ (ਖੇਤਰੀ ਪ੍ਰਤੀਨਿਧ): ਪਿੰਡ ਲੱਡਾ ਕੋਲ ਟੌਲ ਪਲਾਜ਼ਾ ਕੋਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਇਆ ਪੱਕਾ ਧਰਨਾ ਜਸਪਾਲ ਸਿੰਘ ਪੇਧਨੀ ਦੀ ਅਗਵਾਈ ਹੇਠ 434ਵੇਂ ਦਿਨ ਵੀ ਜਾਰੀ ਰਿਹਾ। ਆਗੂਆਂ ਨੇ ਕਿਹਾ ਕਿ ਦਿੱਲੀ ਦੇ ਆਗੂਆਂ ਵੱਲੋਂ ਫਤਹਿ ਅਰਦਾਸ ਕਰਨ ਉਪਰੰਤ ਦਰਬਾਰ ਸਾਹਿਬ ਮੱਥਾ ਟੇਕਿਆ ਜਾਵੇਗਾ ਤੇ ਪੰਜਾਬ ਅੰਦਰ ਲੱਗੇ ਧਰਨਿਆਂ ਨੂੰ ਅਗਲੇ ਹੁਕਮ ਤਕ ਚਲਾਇਆ ਜਾਵੇਗਾ।