ਰਵੇਲ ਸਿੰਘ ਭਿੰਡਰ
ਪਟਿਆਲਾ, 25 ਅਪਰੈਲ
ਕਰੋਨਾ ਦੇ ਫੈਲਾਓ ਨੂੰ ਥੰਮਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਅੱਜ ਪਟਿਆਲਾ ਸ਼ਹਿਰ ਤੇ ਆਸ ਪਾਸ ਕਸਬਿਆਂ ’ਚ ਬਾਜ਼ਾਰ ਮੁਕੰਮਲ ਬੰਦ ਰਹੇ। ਮੈਡੀਕਲ ਸੇਵਾਵਾਂ ਨੂੰ ਲੈ ਕੇ ਹਰ ਤਰ੍ਹਾਂ ਦੀਆਂ ਦੁਕਾਨਾਂ ਦਿਨ ਭਰ ਬੰਦ ਰਹੀਆਂ। ਉਧਰ ਕਰੋਨਾ ਦੇ ਵਧ ਕੇਸਾਂ ਨੂੰ ਲੈ ਕੇ ਲੋਕਾਂ ’ਚ ਸਹਿਮ ਵੀ ਵਧ ਰਿਹਾ ਹੈ। ਵੀਕਐਂਡ ਲੌਕਡਾਊਨ ਨੂੰ ਸਫਲ ਬਣਾਉਣ ਲਈ ਦਿਨ ਭਰ ਪੁਲੀਸਤੰਤਰ ਵੀ ਮੁਸਤੈਦ ਰਿਹਾ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਕਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਭਾਵ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਸਰਕਾਰ ਵਲੋਂ ਐਤਵਾਰੀ ਲੌਕਡਾਊਨ ਲਗਾਉਣ ਦੇ ਹੁਕਮਾਂ ’ਤੇ ਅੱਜ ਸਥਾਨਕ ਸ਼ਹਿਰ ਮੁਕੰਮਲ ਰੂਪ ਵਿਚ ਬੰਦ ਰਿਹਾ। ਸ਼ਹਿਰ ਦੇ ਸਾਰੇ ਬਜ਼ਾਰ ਬੰਦ ਰਹੇ ਅਤੇ ਸੜਕਾਂ ਸੁੰਨੀਆਂ ਨਜ਼ਰ ਆ ਰਹੀਆਂ ਸਨ। ਸ਼ਹਿਰ ਦੀਆਂ ਅੰਦਰੂਨੀ ਸੜਕਾਂ ਉਪਰ ਆਵਾਜਾਈ ਲਗਪਗ ਠੱਪ ਹੀ ਸੀ ਜਦੋਂ ਕਿ ਬਾਹਰਲੀਆਂ ਸੜਕਾਂ ’ਤੇ ਆਵਾਜਾਈ ਜਾਰੀ ਰਹੀ ਪਰੰਤੂ ਬਹੁਤ ਘੱਟ ਸੀ। ਮੁਕੰਮਲ ਬੰਦ ਹੋਣ ਕਾਰਨ ਸਪੱਸ਼ਟ ਹੈ ਕਿ ਲੋਕਾਂ ਦੇ ਮਨਾਂ ’ਚ ਕਰੋਨਾ ਦੇ ਵਧ ਰਹੇ ਪ੍ਰਭਾਵ ਦਾ ਡਰ ਤੇ ਸਹਿਮ ਹੈ। ਸ਼ਹਿਰ ਦੇ ਸਦਰ ਬਜ਼ਾਰ, ਧੂਰੀ ਗੇਟ ਬਜ਼ਾਰ, ਨਾਭਾ ਗੇਟ ਬਜ਼ਾਰ, ਪਟਿਆਲਾ ਗੇਟ ਬਜ਼ਾਰ ਅਤੇ ਸੁਨਾਮੀ ਗੇਟ ਬਜ਼ਾਰ ਤੋਂ ਇਲਾਵਾ ਬਾਹਰਲੀਆਂ ਸੜਕਾਂ ਉਪਰ ਵੀ ਦੁਕਾਨਾਂ ਬੰਦ ਰਹੀਆਂ। ਕੁੱਝ ਜ਼ਰੂਰੀ ਵਸਤਾਂ ਅਤੇ ਮੈਡੀਕਲ ਦੁਕਾਨਾਂ ਛੋਟ ਦਿੱਤੇ ਜਾਣ ਕਾਰਨ ਖੁੱਲ੍ਹੀਆਂ ਸਨ ਪਰੰਤੂ ਇਹ ਵੀ ਬਹੁਤ ਘੱਟ ਗਿਣਤੀ ਵਿਚ ਸਨ। ਸ਼ਹਿਰ ਦੀ ਸਬਜ਼ੀ ਮੰਡੀ ਵੀ ਬੰਦ ਰਹੀ। ਐਤਵਾਰੀ ਲੌਕਡਾਊਨ ਦੌਰਾਨ ਪੁਲੀਸ ਨੂੰ ਸਖਤੀ ਵਰਤਣ ਦੀ ਲੋੜ ਨਹੀਂ ਪਈ ਅਤੇ ਲੋਕਾਂ ਨੇ ਖੁਦ ਹੀ ਆਪਣੇ ਕਾਰੋਬਾਰ ਅਤੇ ਦੁਕਾਨਾਂ ਆਦਿ ਬੰਦ ਰੱਖਣ ਨੂੰ ਭਰਵਾਂ ਹੁੰਗਾਰਾ ਦਿੱਤਾ ਅਤੇ ਘਰਾਂ ਦੇ ਅੰਦਰ ਰਹਿਣ ਨੂੰ ਤਰਜੀਹ ਦਿੱਤੀ।
ਧੂਰੀ (ਹਰਦੀਪ ਸਿੰਘ ਸੋਢੀ): ਕਰੋਨਾ ਲਾਗ ਦੇ ਮੁੜ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਐਤਵਾਰ ਨੂੰ ਲਗਾਏ ਗਏ ਲੌਕਡਾਊਨ ਦੌਰਾਨ ਅੱਜ ਜਿੱਥੇ ਪੁਲੀਸ ਪੂਰੀ ਤਰਾਂ ਮੁਸਤੈਦ ਨਜ਼ਰ ਆਈ, ਉਥੇ ਼ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਤੋਂ ਇਲਾਵਾ ਸ਼ਹਿਰ ਦੀਆਂ ਦੁਕਾਨਾਂ ਪੂਰਨ ਰੂਪ ਵਿਚ ਬੰਦ ਰਹੀਆਂ। ਦੂਜੇ ਪਾਸੇ ਪੁਲੀਸ ਨੇ ਲੌਕਡਾਊਨ ਦੀ ਉਲੰਘਣਾ ਕਰਕੇ ਬੇਵਜ੍ਹਾ ਘੁੰਮ ਰਹੇ ਮੋਟਰ ਸਾਈਕਲ ਤੇ ਕਾਰ ਸਵਾਰਾਂ ਅਤੇ ਮਾਸਕ ਨਾ ਲਗਾਉਣ ਵਾਲਿਆਂ ਦੇ ਚਲਾਨ ਵੀ ਕੀਤੇ। ਸਿਟੀ ਪੁਲਸ ਦੇ ਐਸ.ਐਚ.ਓ ਦੀਪਇੰਦਰ ਪਾਲ ਸਿੰਘ ਜੈਜੀ ਨੇ ਕਿਹਾ ਕਿ ਪ੍ਰਸ਼ਾਸਨਿਕ ਹਦਾਇਤਾਂ ਦੀ ਪਾਲਣਾ ਯਕੀਨੀ ਬਨਾਉਣ ਲਈ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਪੁਲੀਸ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਜ਼ਰੂਰੀ ਕੰਮ ਲਈ ਬਾਜ਼ਾਰ ’ਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ, ਪਰ ਹਦਾਇਤਾਂ ਦੀ ਬੇਵਜਾ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤੀ ਵਰਤੀ ਜਾਵੇਗੀ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਸਰਕਾਰ ਵੱਲੋਂ ਐਤਵਾਰ ਨੂੰ ਕੋਵਿਡ 19 ਕਰਕੇ ਲੌਕਡਾਊਨ ਦੇ ਸੱਦੇ ’ਤੇ ਸ਼ਹਿਰ ’ਚ ਪੂਰਨ ਬੰਦ ਦੇਖਣ ਨੂੰ ਮਿਲਿਆ। ਪੁਲੀਸ ਨੂੰ ਦੁਕਾਨਾਂ ਨੂੰ ਬੰਦ ਕਰਵਾਉਣ ਲਈ ਅੱਜ ਕੋਈ ਤਰੱਦਦ ਨਹੀਂ ਕਰਨਾ ਪਿਆ ਸਿਰਫ ਦੁਕਾਨਦਾਰਾਂ ਨੂੰ ਕਰੋਨਾ ਦੇ ਡਰੋਂ ਪ੍ਰਸ਼ਾਸਨ ਵੱਲੋਂ ਕੀਤੀ ਅਨਾਉਂਸਮੈਟ ਦਾ ਪੂਰਾ ਅਸਰ ਕਬੂਲਿਆ। ਬੰਦ ਦੌਰਾਨ ਸਿਰਫ ਕੈਮਿਸਟ, ਲੈਬਾਰਟਰੀ, ਚੋਣਵੇ ਕਰਿਆਨਾ, ਡੇਅਰੀ ਅਤੇ ਸਬਜ਼ੀ ਵਾਲੇ ਖੁਲ੍ਹੇ ਰਹੇ ਪਰ ਬਾਕੀ ਕਾਰੋਬਾਰ ਬੰਦ ਰਹੇ। ਬੱਸ ਸੇਵਾ ਪੂਰਨ ਠੱਪ ਰਹੀ ਆਮ ਦਿਨਾਂ ਵਾਂਗ ਲੋਕਾਂ ਦੀ ਆਵਾਜਾਈ ਬਹੁਤ ਘੱਟ ਰਹੀ।
ਸਮਾਣਾ ’ਚ ਲੌਕਡਾਊਨ ਦੌਰਾਨ ਠੇਕਿਆਂ ’ਤੇ ਵਿਕਦੀ ਰਹੀ ਸ਼ਰਾਬ
ਸਮਾਣਾ (ਸੁਭਾਸ਼ ਚੰਦਰ): ਲੌਕਡਾਉੂਨ ਦੇ ਬਾਵਜੂਦ ਸ਼ਹਿਰ ਵਿਚ ਸ਼ਰਾਬ ਦੇ ਠੇਕੇ ਸਵੇਰ ਤੋਂ ਹੀ ਖੁਲ੍ਹੇ ਰਹੇ ਤੇ ਸ਼ਰਾਬ ਦੀ ਵਿਕਰੀ ਜਾਰੀ ਰਹੀ। ਸੋਸ਼ਲ ਮੀਡੀਆ ’ਤੇ ਖੁੱਲ੍ਹੇ ਠੇਕੇ ਤੇ ਵਿਕ ਰਹੀ ਸ਼ਰਾਬ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਹਰਕਤ ਵਿਚ ਆਈ ਸਿਟੀ ਪੁਲੀਸ ਨੇ ਬੱਸ ਸਟੈਂਡ ਨੇੜੇ ਸਥਿਤ ਸ਼ਰਾਬ ਦੇ ਠੇਕੇ ’ਤੇ ਪੰਹੁਚੇ ਪਰ ਠੇਕੇ ਦੇ ਕਰਿੰਦਿਆਂ ਨੇ ਸ਼ਟਰ ਬੰਦ ਕਰ ਦਿੱਤਾ। ਇਸ ਮਗਰੋਂ ਅੰਦਰ ਬੈਠੇ ਠੇਕੇਦਾਰ ਜਾਂ ਉਸ ਦੇ ਕਰਿੰਦੇ ਨਾ ਖੁਦ ਬਾਹਰ ਆਏ ਅਤੇ ਨਾ ਹੀ ਸ਼ਟਰ ਖੋਲ੍ਹਿਆ। ਆਖਰ ਪੁਲੀਸ ਨੂੰ ਬਾਹਰ ਤੋਂ ਹੀ ਤਾੜਨਾ ਕਰਕੇ ਵਾਪਸ ਮੁੜਨਾ ਪਿਆ।