ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 10 ਅਕਤੂਬਰ
ਖੇਤਰੀ ਸਰਸ ਮੇਲੇ ਕਾਰਨ ਸਰਕਾਰੀ ਰਣਬੀਰ ਕਾਲਜ ਦੇ ਵਿਹੜੇ ਵਿਆਹ ਵਰਗਾ ਮਾਹੌਲ ਹੈ। ਲੋਕ ਪਰਿਵਾਰਾਂ ਸਮੇਤ ਪੁੱਜ ਕੇ ਜਿੱਥੇ ਦੇਸ਼ ਭਰ ਤੋਂ ਪੁੱਜੇ ਕਲਾਕਾਰਾਂ, ਸ਼ਿਲਪਕਾਰਾਂ ਤੇ ਦਸਤਕਾਰਾਂ ਦਾ ਹੁਨਰ ਵੇਖਦਿਆਂ ਸਟਾਲਾਂ ਤੋਂ ਖਰੀਦਦਾਰੀ ਕਰ ਰਹੇ ਹਨ, ਉੱਥੇ ਲੋਕ ਨਾਚਾਂ ਦੀਆਂ ਧੁਨਾਂ ਮੇਲੇ ਨੂੰ ਚਾਰ ਚੰਨ ਲਗਾ ਰਹੀਆਂ ਹਨ।
ਰੋਜ਼ਾਨਾ ਦੇਰ ਸ਼ਾਮ ਹੁੰਦੀ ਸਟਾਰ ਨਾਈਟ ’ਚ ਦਰਸ਼ਕ ਪੰਜਾਬੀ ਦੇ ਨਾਮਵਰ ਲੋਕ ਗਾਇਕਾਂ ਦੇ ਗੀਤਾਂ ਦਾ ਨਿੱਤ ਦਿਨ ਆਨੰਦ ਮਾਣ ਰਹੇ ਹਨ। ਦੂਜੇ ਦਿਨ ਦੀ ਸਟਾਰ ਨਾਈਟ ’ਚ ਪੰਜਾਬੀ ਲੋਕ ਗਾਇਕ ਜੌਰਡਨ ਸੰਧੂ ਨੇ ਆਪਣੀ ਗਾਇਕੀ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ। ਹੱਥੀਂ ਬਣਾਈਆਂ ਕਲਾਕ੍ਰਿਤਾਂ ਅਤੇ ਫੂਡ ਸਟਾਲਾਂ ’ਤੇ ਕਈ ਤਰ੍ਹਾਂ ਦੇ ਪਕਵਾਨ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਜੌਰਡਨ ਸੰਧੂ ਨੇ ‘ਫਰੀ ਸਟਾਈਲ’, ‘ਮੁੱਛ ਰੱਖੀ ਐ’, ‘ਦੋ ਵਾਰੀ ਜੱਟ ਮਰਿਆ’, ‘ਪਾਜ਼ੀਟਿਵਿਟੀ’, ‘ਤੀਜੇ ਵੀਕ’ ਆਦਿ ਪ੍ਰਸਿੱਧ ਗੀਤਾਂ ਨਾਲ ਲੋਕਾਂ ਦਾ ਲਗਭਗ ਡੇਢ ਘੰਟਾ ਭਰਵਾਂ ਮਨੋਰੰਜਨ ਕੀਤਾ। ਸਟਾਰ ਨਾਈਟ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ, ਐੱਸਐੱਸਪੀ ਮਨਦੀਪ ਸਿੰਘ ਸਿੱਧੂ, ਏਡੀਸੀ ਵਰਜੀਤ ਵਾਲੀਆ, ਏਡੀਸੀ ਅਨਮੋਲ ਸਿੰਘ ਧਾਲੀਵਾਲ ਤੋਂ ਇਲਾਵਾ ਜ਼ਿਲ੍ਹੇ ਦੇ ਜੁਡੀਸ਼ੀਅਲ, ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀ ਮੌਜੂਦ ਸਨ।
ਸਰਸ ਮੇਲੇ ’ਚ 11 ਅਕਤੂਬਰ ਨੂੰ ਹਰਭਜਨ ਸ਼ੇਰਾ, 12 ਅਕਤੂਬਰ ਨੂੰ ਸੁਨੰਦਾ ਸ਼ਰਮਾ, 13 ਅਕਤੂਬਰ ਨੂੰ ਜਸਵਿੰਦਰ ਬਰਾੜ, 14 ਅਕਤੂਬਰ ਨੂੰ ਅਰਮਾਨ ਢਿੱਲੋਂ, ਪ੍ਰਭ ਬੈਂਸ, ਜਸ਼ਨ ਇੰਦਰ, ਸੋਫ਼ੀਆ ਇੰਦਰ, ਬਸੰਤ ਕੁਰ ਤੇ ਜੱਸੀ ਧਾਲੀਵਾਲ, 15 ਅਕਤੂਬਰ ਨੂੰ ਰਣਜੀਤ ਬਾਵਾ ਅਤੇ 16 ਅਕਤੂਬਰ ਨੂੰ ਸਤਿੰਦਰ ਸਰਤਾਜ ਆਪਣੀ ਹਾਜ਼ਰੀ ਲਵਾਉਣਗੇ।