ਪੱਤਰ ਪ੍ਰੇਰਕ
ਲਹਿਰਾਗਾਗਾ, 18 ਸਤੰਬਰ
ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਹੈ ਕਿ ਉਹ ਹਫ਼ਤੇ ਦੇ ਦੋ ਦਿਨ ਵਾਰ ਅਤੇ ਐਤਵਾਰ ਨੂੰ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦਾ ਤਹੱਈਆ ਹੈ। ਕਿਸੇ ਵੀ ਪਿੰਡ-ਸ਼ਹਿਰ ਦੀ ਕੋਈ ਮੰਗ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਲਹਿਰਾਗਾਗਾ ਦੇ ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆਂ ਦੀ ਗਊਸ਼ਾਲਾ ਵਿੱਚ ਪਹੁੰਚਣ ਮੌਕੇ ਕਿਹਾ ਕਿ ਸਰਕਾਰਾਂ ਦਾ ਖ਼ਜ਼ਾਨਾ ਕਦੇ ਖਾਲੀ ਨਹੀਂ ਹੁੰਦਾ, ਸਿਰਫ਼ ਨੀਅਤ ਦਾ ਫਰਕ ਹੁੰਦਾ ਹੈ। ਪਹਿਲੀਆਂ ਸਰਕਾਰਾਂ ਨੇ ਘਪਲੇਬਾਜ਼ੀਆਂ ਕੀਤੀਆਂ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਪਾਰਦਰਸ਼ੀ ਤਰੀਕੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਪਾਸੇ ਤੋਂ ਪੈਸ ਪੈਸੇ ਦੀ ਬੱਚਤ ਕਰਕੇ ਵਿਕਾਸ ਕੰਮਾਂ ’ਤੇ ਲਾਉਣ ਦੀ ਸਾਡੀ ਪੂਰੀ ਕੋਸ਼ਿਸ਼ ਹੈ। ਇਸ ਮੌਕੇ ਪਿੰਡ ਦੀ ਗਊਸ਼ਾਲਾ ਕਮੇਟੀ ਨੇ ਮੰਗ ਪੱਤਰ ਵੀ ਦਿੱਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਗਊਸ਼ਾਲਾ ਕਮੇਟੀ ਦੇ ਕੰਮਾਂ ਨੂੰ ਦੇਖ ਕੇ ਮਨ ਨੂੰ ਖੁਸ਼ੀ ਹੋਈ ਹੈ। ਇਸ ਲਈ ਗਊ ਸੇਵਾ ਕਮਿਸ਼ਨ ਵੱਲੋਂ ਇਸ ਗਊਸ਼ਾਲਾ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਵੀ ਜਿਹੜੀਆਂ ਪਿੰਡ ਦੀਆਂ ਸਮੱਸਿਆਵਾਂ ਸਨ, ਉਹ ਹੱਲ ਕਰਵਾਈਆਂ ਗਈਆਂ ਹਨ। ਸ਼੍ਰੀ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਛੇ ਮਹੀਨਿਆਂ ਦੇ ਅੰਦਰ ਉਹ ਕੰਮ ਕਰ ਦਿਖਾਏ ਹਨ ਜਿਨ੍ਹਾਂ ਨੂੰ ਪਹਿਲੀਆਂ ਸਰਕਾਰਾਂ ਪੰਜ-ਦਸ ਸਾਲਾਂ ਵਿੱਚ ਵੀ ਨਹੀਂ ਕਰ ਸਕੀਆਂ ਸਨ। ਸੂਬਾ ਸਰਕਾਰ ਬੇਰੁਜ਼ਾਗਾਰਾਂ ਨੂੰ ਰੁਜ਼ਗਾਰ ਦੇਣ, ਲੋਕਾਂ ਲਈ ਸੈਂਕੜੇ ਮੁਹੱਲਾ ਕਲੀਨਿਕ ਖੋਲ੍ਹਕੇ ਸਹੂਲਤ ਦੇਣ ’ਚ ਸਫਲ ਹੋਈ ਹੈ ਅਤੇ ਵਿਕਾਸ ਕੰਮਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਗਊਸ਼ਾਲਾ ਕਮੇਟੀ ਵੱਲੋਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਕੰਵਰਜੀਤ ਸਿੰਘ ਕੁੱਕੀ ਲਦਾਲ, ਸੁਰਿੰਦਰ ਸਿੰਘ ਪ੍ਰਧਾਨ ਗਊਸ਼ਾਲਾ, ਰੋਹੀ ਸਿੰਘ, ਗੁਰਪ੍ਰੀਤ ਸਿੰਘ ਮੈਂਬਰ, ਬਖਸ਼ੀਸ਼ ਸਿੰਘ, ਮਹਿੰਦਰ ਸਿੰਘ ਮੈਂਬਰ, ਦਰਸ਼ਨ ਸਿੰਘ ਭੰਗੂ, ਸ਼ਿੰਗਾਰਾ ਸਿੰਘ ਮੈਂਬਰ ਵੀ ਹਾਜ਼ਰ ਸਨ।
ਗਊ ਵੰਸ਼ ਦੀ ਸੰਭਾਲ ਲਈ ਗਊਸ਼ਾਲਾਵਾਂ ਬਣਾਈਆਂ ਜਾਣਗੀਆਂ: ਸਿੰਗਲਾ
ਸ਼ੇਰਪੁਰ (ਪੱਤਰ ਪ੍ਰੇਰਕ) ਗਊ ਸੇਵਾ ਕਮਿਸ਼ਨ ਦੇ ਨਵ-ਨਿਯੁਕਤ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਸਿੰਗਲਾ ਨੇ ਕਿਹਾ ਪੰਜਾਬ ’ਚ ਸਮੂਹ ਜ਼ਿਲ੍ਹਾ ਮੁਕਾਮਾਂ ’ਤੇ ਬੇਸਹਾਰਾ ਗਊ-ਵੰਸ਼ ਦੀ ਰਾਖੀ ਲਈ ਗਊਸ਼ਾਲਾਵਾਂ ਬਣਾਈਆਂ ਜਾਣਗੀਆਂ ਜਿਸ ਸਬੰਧੀ ਪੰਜਾਬ ਸਰਕਾਰ ਨੂੰ ਜ਼ਮੀਨਾਂ ਮੁਹੱਈਆ ਕਰਵਾਏ ਜਾਣ ਦੀ ਗੱਲ ਰੱਖੀ ਜਾਵੇਗੀ। ਸ੍ਰੀ ਸਿੰਗਲਾ ਅੱਜ ਪਿੰਡ ਘਨੌਰੀ ਕਲਾਂ ਦੇ ਸ਼ਿਵ ਮੰਦਰ ਕਮੇਟੀ ਵੱਲੋਂ ਪ੍ਰਧਾਨ ਮਹਿੰਦਰਪਾਲ ਨੀਨਾ ਤੇ ਮੋਹਰੀ ਆਗੂ ਬਬਲਾ ਘਨੌਰੀ ਦੀ ਸਾਂਝੀ ਅਗਵਾਈ ਹੇਠ ਕਰਵਾਏ ‘ਸਨਮਾਨ ਸਮਾਗ਼ਮ’ ਮੌਕੇ ਬੋਲ ਰਹੇ ਸਨ। ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਜਿੱਥੇ ਗਊ ਸੇਵਾ ਕਮਿਸ਼ਨ ਪੰਜਾਬ ਦਾ ਚੇਅਰਮੈਨ ਨਿਯੁਕਤ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਮਾਣ ਸਤਿਕਾਰ ਦਿੱਤਾ ਹੈ ਉਥੇ ਉਨ੍ਹਾਂ ਨੂੰ ਅਜਿਹੇ ਹੁਦੇ ’ਤੇ ਬਿਠਾਇਆ ਜਿੱਥੇ ਉਹ ਗਊ ਵੰਸ਼ ਦੀ ਸੇਵਾ ਕਰਕੇ ਆਪਣੇ ਪਰਿਵਾਰ ਦੀ ਸੇਵਾ ਭਾਵਨਾ ਵਾਲੀ ਰਵਾਇਤ ਨੂੰ ਬਰਕਰਾਰ ਰੱਖ ਸਕਣਗੇ। ਉਨ੍ਹਾਂ ਸ਼ਿਵ ਮੰਦਰ ਕਮੇਟੀ ਨੂੰ ਆਪਣੀਆਂ ਮੰਗਾਂ ਪ੍ਰਤੀ ਮੰਗ ਪੱਤਰ ਦੇਣ ਲਈ ਕਿਹਾ ਤੇ ਪਿੰਡ ਘਨੌਰੀ ਕਲਾਂ ਦੀ ਪਸ਼ੂ ਡਿਸਪੈਂਸਰੀ ਵਿੱਚ ਸਟਾਫ਼ ਦੀ ਘਾਟ ਤੇ ਲੋੜੀਦੀਆਂ ਸਹੂਲਤਾਂ ਲਈ ਵਿਭਾਗ ਦੇ ਡਾਇਰੈਕਟਰ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ।