ਕੇਂਦਰ ਸਰਕਾਰ ਦੇ ਆਰਥਿਕ ਪੈਕੇਜ ਬਿਨਾਂ ਪੰਜਾਬ ਦੀ ਤਰੱਕੀ ਸੰਭਵ ਨਹੀਂ
ਰਮੇਸ਼ ਭਾਰਦਵਾਜ
ਲਹਿਰਾਗਾਗਾ, 6 ਫਰਵਰੀ
ਇਥੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਮੁੱਖ ਚੋਣ ਦਫ਼ਤਰ ਲਹਿਰਾ ਵਿੱਚ ਪਾਰਟੀ ਵਰਕਰਾਂ ਤੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਮਾਫੀਆ ਰਾਜ ਦੇ ਦੌਰ ਨੂੰ ਖਤਮ ਕਰਨ ਦਾ ਸਮਾਂ ਆ ਚੁੱਕਾ ਹੈ। ਐਨਡੀਏ ਨੇ ਸੰਕਲਪ ਲਿਆ ਹੈ ਕਿ ਪੰਜਾਬ ਨੂੰ ਮਾਫੀਆ ਮੁਕਤ ਬਣਾ ਕੇ ਨਵਾਂ ਖੁਸ਼ਹਾਲ ਪੰਜਾਬ ਬਣਾਵਾਂਗੇ। ਸੂਬੇ ਅੰਦਰ ਗੈਂਗ ਕਲਚਰ ਨੂੰ ਖਤਮ ਕਰਕੇ ਹਰ ਨਾਗਰਿਕ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਹੈ। ਢੀਂਡਸਾ ਅੱਜ ਇੱਥੇ ਐਨਡੀਏ ਮਹਾਂਗਠਜੋੜ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਦੀ ਲੜੀ ਤਹਿਤ ਪੁੱਜੇ ਸਨ। ਸ੍ਰੀ ਢੀਂਡਸਾ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਮਾਫੀਆਂ ਗਰੁੱਪਾਂ ਨੇ ਪੰਜਾਬ ਦੇ ਅਰਥਚਾਰੇ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਾਫੀਆ ਗਰੁੱਪਾਂ ਦੀ ਪੈਦਾਇਸ਼ ਸੁਖਬੀਰ ਸਿੰਘ ਬਾਦਲ ਹੈ। ਮਾਫੀਆ ਗੁਰੱਪਾਂ ਨੇ ਪੰਜਾਬ ਹੀ ਨਹੀਂ, ਸਗੋਂ ਸ਼੍ਰੋਮਣੀ ਕਮੇਟੀ ਤੇ ਪੰਥਕ ਸੰਸਥਾਵਾਂ ਨੂੰ ਵੀ ਰੱਜ ਕੇ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਜਿਸ ਅਰਥਚਾਰੇ ਵਿੱਚੋਂ ਚੰਗੀ ਸਿੱਖਿਆ, ਰੁਜ਼ਗਾਰ, ਚੰਗੀ ਸਿਹਤ, ਵਧੀਆ ਵਾਤਾਵਰਣ, ਚੰਗੀਆਂ ਸਿੰਚਾਈ ਸਹੂਲਤਾਂ ਤੇ ਸ਼ਾਨਦਾਰ ਸੜਕਾਂ ਦਾ ਨਿਰਮਾਣ ਹੋਣਾ ਸੀ, ਪੰਜਾਬ ਦੇ ਖਜ਼ਾਨੇ ਦਾ ਉਹ ਸਾਰਾ ਪੈਸਾ ਮਾਫੀਆ ਡਕਾਰ ਜਾਂਦਾ ਹੈ। ਢੀਂਡਸਾ ਨੇ ਦੋਸ਼ ਲਾਇਆ ਕਿ ਇਨ੍ਹਾਂ ਚੋਣਾਂ ਅੰਦਰ ਕਾਂਗਰਸ ਤੇ ਬਾਦਲ ਦਲ ਅਜਿਹੇ ਉਮੀਦਵਾਰਾਂ ਨੂੰ ਜਿਤਾਉਣ ਲਈ ਇਕੱਠੇ ਹੋ ਗਏ ਹਨ, ਜੋ ਮਾਫੀਆ ਗਰੁੱਪਾਂ ਦੀਆਂ ਜੇਬਾਂ ਭਰਨ ਲਈ ਖੁੱਲ੍ਹੇਆਮ ਮੱਦਦ ਕਰਦੇ ਆ ਰਹੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਅਣਜਾਣ ਤੇ ਅਸਲ ਮੁੱਦਿਆਂ ਦੀ ਸਿਆਸਤ ਤੋਂ ਕੋਹਾਂ ਦੂਰ ਰਹਿਣ ਵਾਲੇ ਲੋਕਾਂ ਦੀ ਪਾਰਟੀ ਦੱਸਦਿਆਂ ਕਿਹਾ ਕਿ ਇਹ ਪਾਰਟੀ ਰਾਜ ਨੂੰ ਹੋਰ ਤਬਾਹੀ ਵੱਲ ਲੈ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਕਿ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਪੰਜਾਬ ਲੋਕ ਕਾਂਗਰਸ ਦਾ ਮਹਾਂ ਗੱਠਜੋੜ ਹੀ ਦੂਰਦਰਸ਼ੀ ਫੈਸਲੇ ਲੈਣ ਤੇ ਆਰਥਿਕ ਸੰਕਟ ਨੂੰ ਖਤਮ ਕਰਨ ਦੇ ਸਮਰੱਥ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦਾ ਪਿਛਲੀਆੰ ਚੋਣਾਂ ਨਾਲੋਂ ਕਾਫੀ ਫਰਕ ਹੈ। ਪੰਜਾਬ ਸਿਰ ਚੜ੍ਹਿਆ ਤਿੰਨ ਲੱਖ ਕਰੋੜ ਦਾ ਕਰਜਾ ਮੂੰਹ ਅੱਡੀ ਖੜ੍ਹਾ ਹੈ। ਕੇਂਦਰ ਸਰਕਾਰ ਦੇ ਆਰਥਿਕ ਪੈਕੇਜ ਬਿਨਾਂ ਪੰਜਾਬ ਦੀ ਤਰੱਕੀ ਸੰਭਵ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਗੱਠਜੋੜ ਮਜਬੂਤ ਪੰਜਾਬ ਨਿਰਮਾਣ ਦੀ ਗਾਰੰਟੀ ਦਿੰਦਾ ਹੈ। ਇਸ ਮੌਕੇ ਕੰਵਰਜੀਤਪਾਲ ਸਿੰਘ ਸੰਧੂ, ਰਾਮਪਾਲ ਸਿੰਘ ਬਹਿਣੀਵਾਲ, ਬੀਬੀ ਬਲਵਿੰਦਰ ਕੌਰ ਸਾਬਕਾ ਪ੍ਰਧਾਨ ਨਗਰ ਕੌਂਸਲ ਹਾਜ਼ਰ ਸਨ।
ਢੀਂਡਸਾ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ: ਬੀਬੀ ਭੱਠਲ
ਪੱਤਰ ਪ੍ਰੇਰਕ
ਲਹਿਰਾਗਾਗਾ, 6 ਫਰਵਰੀ
ਆਪਣੇ ਹਲਕੇ ’ਚ ਚੋਣ ਪ੍ਰਚਾਰ ਕਰਦਿਆਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਨੇ 111 ਦਿਨਾਂ ਵਿੱਚ ਇਤਿਹਾਸਕ ਫ਼ੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਉਮੀਦਵਾਰ ਵਰਿੰਦਰ ਗੋਇਲ ਤੇ ਪਰਮਿੰਦਰ ਢੀਂਡਸਾ ਦਾ ਇਸ ਲਈ ਵਿਰੋਧ ਹੋ ਰਿਹਾ ਹੈ ਕਿਉਂਕਿ ਢੀਂਡਸਾ ਦੀ ਪਾਰਟੀ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਤੇ 750 ਕਿਸਾਨਾਂ ਦੀ ਕਾਤਲ ਪਾਰਟੀ ਭਾਜਪਾ ਨਾਲ ਯਾਰੀ ਪਾਈ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵਰਕਰਾਂ ਨੂੰ ਨਹੀਂ ਪੈਸੇ ਵਾਲਿਆਂ ਨੂੰ ਟਿਕਟ ਦਿੱਤੀ ਹੈ। ਇਸ ਕਰਕੇ ਇਨ੍ਹਾਂ ਦਾ ਵਿਰੋਧ ਹੋ ਰਿਹਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਜੇ ਪਾਰਟੀ ਵਿੱਚ ਟਿਕਟ ਦਿੰਦੇ ਤਾਂ ਵਿਰੋਧ ਨਾ ਹੁੰਦਾ ਪਰ ਕਰੋੜਾਂ ਰੁਪਏ ਲੈ ਕੇ ਟਿਕਟ ਦਿੱਤੀ ਜਾਂਦੀ ਹੈ ਤਾਂ ਵੋਟਰ ਉਸ ਨੂੰ ਪਿੱਠ ਵਿੱਚ ਛੁਰਾ ਮਾਰਨ ਦੇ ਬਰਾਬਰ ਕਹਿੰਦੇ ਹਨ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ’ਤੇ ਵਰ੍ਹਦਿਆਂ ਬੀਬੀ ਭੱਠਲ ਨੇ ਕਿਹਾ ਕਿ ਇਸ ਉਮਰ ਵਿੱਚ ਉਹ ਆਪਣੀ ਸੁੱਧ ਬੁੱਧ ਖੋ ਚੁੱਕੇ ਹਨ। ਇਨ੍ਹਾਂ ਦੀ ਪਾਰਟੀ ਦਾ ਰਾਜ ਭਾਗ ਹਮੇਸ਼ਾ ਲਈ ਖ਼ਤਮ ਹੋ ਚੁੱਕਿਆ ਹੈ। ਲੋਕ ਹੁਣ ਇਨ੍ਹਾਂ ਨੂੰ ਰਿਟਾਇਰਮੈਂਟ ਦੀ ਮਾਲਾ ਫੜਾ ਕੇ ਘਰੇ ਬਿਠਾਉਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਹਰ ਪਿੰਡ ਵਿੱਚ ਹਰ ਰੋਜ਼ ਵੋਟਰ ਦੂਜੀਆਂ ਪਾਰਟੀਆਂ ਛੱਡ ਕੇ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਪੂਰੇ ਪੰਜਾਬ ਵਿੱਚ ਕਾਂਗਰਸ ਦੇ ਹੱਕ ਵਿੱਚ ਲਹਿਰ ਚੱਲੀ ਹੋਈ ਹੈ। ਇਸ ਲਈ ਪੰਜਾਬ ਵਿੱਚ ਦੁਬਾਰਾ ਕਾਂਗਰਸ ਦੀ ਸਰਕਾਰ ਬਣੇਗੀ ਤੇ ਮੁੱਖ ਮੰਤਰੀ ਵੀ ਚਰਨਜੀਤ ਸਿੰਘ ਚੰਨੀ ਹੋਣਗੇ।
ਇਸੇ ਦੌਰਾਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਭੁਟਾਲ ਕਲਾਂ ’ਚ ਦਰਜਨਾਂ ਪਰਿਵਾਰਾਂ ਨੂੰ ਕਾਂਗਰਸ ’ਚ ਸ਼ਾਮਲ ਕਰਨ ਉਪਰੰਤ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕੀਤਾ। ਬੀਬੀ ਭੱਠਲ ਨੇ ਵੋਟਰਾਂ ਨੂੰ ਕਾਂਗਰਸ ਜਿਤਾਓ-ਪੰਜਾਬ ਬਚਾਓਜ਼ ਦਾ ਨਾਅਰਾ ਦਿੰਦਿਆਂ ਕਿਹਾ ਕਿ ਸਿਰਫ ਤੇ ਸਿਰਫ ਕਾਂਗਰਸ ਦੇ ਹੱਥਾਂ ਵਿੱਚ ਪੰਜਾਬ, ਕਿਸਾਨ, ਪੰਥ ਤੇ ਪੰਜਾਬੀਅਤ ਦੇ ਹਿਤ ਸੁਰੱਖਿਅਤ ਹਨ। ਭਾਜਪਾ ਜਿੱਥੇ ਸੂਬੇ ਦੇ ਸੱਤ ਸੌ ਕਿਸਾਨਾਂ ਦੀਆਂ ਸ਼ਹੀਦੀਆਂ ਦੀ ਜ਼ਿੰਮੇਵਾਰ ਹੈ, ਉਥੇ ਅਕਾਲੀ ਦਲ (ਬਾਦਲ) ਤੇ ਸੰਯੁਕਤ ਦਲ ਵਾਲੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਜ਼ਿੰਮੇਵਾਰ ਹਨ ਤੇ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ ਕਿਉਂਕਿ ਆਪ ਵਾਲੇ ਤਾਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਨ ਜੋ ਪੰਜਾਬੀਆਂ ਲਈ ਸ਼ਰਮ ਦੀ ਗੱਲ ਹੈ। ਕਾਂਗਰਸ ਇਕ ਧਰਮ ਨਿਰਪੱਖ ਪਾਰਟੀ ਹੈ ਤੇ ਹਰ ਧਰਮ ਤੇ ਵਰਗ ਦਾ ਸਤਿਕਾਰ ਕਰਦੀ ਹੈ ਪਰ ਵਿਰੋਧੀ ਪਾਰਟੀਆਂ ਲੋਕਾਂ ਨੂੰ ਧਰਮ ਤੇ ਜਾਤ ਦੇ ਨਾਂ ’ਤੇ ਲੜਾਉਂਦੀਆਂ ਹਨ ਜਿਸ ਨੂੰ ਪੰਜਾਬ ਦੇ ਵੋਟਰ ਬਰਦਾਸ਼ਤ ਨਹੀਂ ਕਰਨਗੇ।