ਪੱਤਰ ਪ੍ਰੇਰਕ
ਅਮਰਗੜ੍ਹ, 31 ਮਾਰਚ
ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਪਿੰਡ ਨਿਆਮਤਪੁਰ ਵਿੱਚ ਪਰਮਵੀਰ ਚੱਕਰ ਜੇਤੂ ਪ੍ਰੀਤਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਇਹ ਲੋਕ ਦੇਸ਼ ਦੇ ਸੱਚੇ ਸ਼ਹੀਦ ਹਨ ਪਰ ਕੁਝ ਲੋਕਾਂ ਨੇ ਐਕਸੀਡੈਂਟ ਹੋਣ ਵਾਲਿਆਂ ਨੂੰ ਹੀ ਸ਼ਹੀਦ ਬਣਾ ਦਿੱਤਾ ਹੈ। ਲੋਕਾਂ ਨਾਲ ਮਿਲਣੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਕੀਤਾ ਇੱਕ-ਇੱਕ ਵਾਅਦਾ ਪੂਰਾ ਕੀਤਾ ਜਾਵੇਗਾ। ਵਿਧਾਇਕਾਂ ਦੀਆਂ ਇੱਕ ਤੋਂ ਵੱਧ ਪੈਨਸ਼ਨਾਂ ਬੰਦ ਕਰਨ ਨਾਲ ਔਰਤਾਂ ਨੂੰ ਐਲਾਨ ਕੀਤੇ ਇੱਕ-ਇੱਕ ਹਜ਼ਾਰ ਰੁਪਏ ਦੇਣ ਦਾ ਜੁਗਾੜ ਹੋ ਗਿਆ ਹੈ। ਅਜੇ ਤਾਂ ਸ਼ੁਰੂਆਤ ਹੈ। ਪੁਲੀਸ ਵਿਚ 10 ਹਜ਼ਾਰ ਨੌਕਰੀਆਂ ਕੱਢੀਆਂ ਗਈਆਂ ਹਨ। ਸਾਰੇ ਵਾਅਦੇ ਹੌਲੀ-ਹੌਲੀ ਪੂਰੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਗੁਰਦੀਪ ਸਿੰਘ ਦੇ ਗ੍ਰਹਿ ਵਿੱਚ ਫੁੱਲਾਂ ਦੀ ਖੇਤੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਦਲਵੀਂ ਖੇਤੀ ਕਰਨ ਦਾ ਸੁਝਾਅ ਤਾਂ ਪਿਛਲੀਆਂ ਸਰਕਾਰਾਂ ਦੇ ਰਹੀਆਂ ਹਨ ਪਰ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਕਿਸੇ ਨੇ ਕਦੇ ਧਿਆਨ ਨਹੀਂ ਦਿੱਤਾ, ਜਿਸ ਕਾਰਨ ਕਿਸਾਨਾਂ ਨੂੰ ਮਜਬੂਰਨ ਰਵਾਇਤੀ ਫਸਲਾਂ ਬੀਜਣ ਲਈ ਮਜਬੂਰ ਹੋਣਾ ਪੈ ਰਿਹਾ ਹੈ।