ਪੱਤਰ ਪ੍ਰੇਰਕ
ਅਮਰਗੜ੍ਹ, 6 ਫਰਵਰੀ
ਹਲਕਾ ਅਮਰਗੜ੍ਹ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਅਤੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਥੇ ਅੰਬੇਦਕਰ ਭਵਨ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਏਵੀਐੱਮ ਮਸ਼ੀਨਾਂ ’ਤੇ ਕੋਈ ਭਰੋਸਾ ਨਹੀਂ। ਕਹਿ ਦਿੱਤਾ ਜਾਂਦਾ ਹੈ ਕਿ ਮਾਨ ਨੂੰ ਪੰਜ ਹਜ਼ਾਰ ਵੋਟ ਪਈ ਹੈ। ਹਰ ਪਿੰਡ ਵਿੱਚ ਉਨ੍ਹਾਂ ਨੂੰ ਭਰਵਾਂ ਹੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤਿੰਨ ਦਰਿਆ ਸਤਲੁਜ, ਬਿਆਸ ਅਤੇ ਰਾਵੀ ਪਾਣੀ ਨਾਲ ਭਰੇ ਚੱਲਦੇ ਹਨ ਪਰ ਸਾਡੇ ਲਈ ਕੋਈ ਪਾਣੀ ਨਹੀਂ। ਸਾਡਾ ਪਾਣੀਆਂ ’ਤੇ ਪੂਰਾ ਹੱਕ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਕਿਸਾਨਾਂ ਦੇ ਖੇਤਾਂ ਨੂੰ ਨਹਿਰਾਂ ਦਾ ਪਾਣੀ ਦਿੱਤਾ ਜਾਵੇਗਾ। ਦੇਸ਼ ਵਿੱਚ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ ਹੈ। ਇਸਾਈ ਪਾਦਰੀਆਂ ਨੂੰ ਮਾਰ ਦਿੱਤਾ ਗਿਆ ਹੈ, ਮੁਸਲਮਾਨਾਂ ਦੀ ਬਾਬਰੀ ਮਸਜਿਦ ਢਾਹ ਕੇ ਮੰਦਰ ਬਣਾ ਦਿੱਤਾ ਗਿਆ ਹੈ। ਜੇ ਪਾਕਿਸਤਾਨ ਦਾ ਬਾਰਡਰ ਖੋਲ੍ਹ ਦਿੱਤਾ ਜਾਵੇ ਤਾਂ ਕਿਸਾਨਾਂ ਦੀਆਂ ਫਸਲਾਂ ਪਾਕਿਸਤਾਨ ਜਾ ਕੇ ਵਿਕਣਗੀਆਂ। ਸਿੱਖ ਡਰਾਈਵਰ ਪਾਕਿਸਤਾਨ, ਈਰਾਨ, ਈਰਾਕ ਅਤੇ ਰੂਸ ਤੱਕ ਟਰੱਕ ਲੈ ਕੇ ਜਾਣਗੇ। ਸਾਡੇ ਨਾਲ ਚੋਣ ਕਮੀਸ਼ਨ ਨੇ ਵੀ ਧੱਕਾ ਕੀਤਾ ਹੈ। ਪਿਛਲੇ 30 ਸਾਲਾਂ ਤੋਂ ਅਸੀਂ ਗੱਡੇ ਦੇ ਚੋਣ ਨਿਸ਼ਾਨ ’ਤੇ ਚੋਣਾਂ ਲੜਦੇ ਆ ਰਹੇ ਹਾਂ ਪਰ ਇਸ ਵਾਰ ਸਾਨੂੰ ਬਾਲਟੀ ਚੋਣ ਨਿਸ਼ਾਨ ਦਿੱਤਾ ਗਿਆ ਹੈ। ਹਲਕੇ ਦੇ ਲੋਕ ਇਹ ਦੱਸ ਦੇਣਗੇ ਕਿ ਚੋਣ ਨਿਸ਼ਾਨ ਬਦਲਣ ਨਾਲ ਕੋਈ ਫਰਕ ਨਹੀਂ ਪੈਣਾ।