ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 11 ਅਕਤੂਬਰ
ਪੰਜਾਬ ਦੇ ਲੋਕ ਖੂਨ ਪਸੀਨੇ ਦੀ ਕਮਾਈ ਨਾਲ ਦੇਸ਼ ਦੀ 50 ਪ੍ਰਤੀਸ਼ਤ ਜਨਤਾ ਦਾ ਢਿੱਡ ਭਰਦੇ ਹਨ, ਜਿਸ ਕਰਕੇ ਕਿਸਾਨ ਜਥੇਬੰਦੀਆਂ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠੇ ਹੋ ਕੇ ਕਾਲੇ ਕਾਨੂੰਨਾਂ ਖ਼ਿਲਾਫ਼ ਲੜਾਈ ਲੜਨ ਦੀ ਲੋੜ ਹੈ ਤਾਂ ਕਿ ਲੋਕਤੰਤਰ ’ਚ ਜਾਂ ਸੁਪਰੀਮ ਕੋਰਟ ’ਚ ਇਸ ’ਤੇ ਰੋਕ ਲੱਗ ਸਕੇ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਦਿੜ੍ਹਬਾ ’ਚ ਆੜ੍ਹਤੀਆਂ ਵੱਲੋਂ ਪ੍ਰਧਾਨ ਸਤਨਾਮ ਸਿੰਘ ਸੱਤਾ ਦੀ ਅਗਵਾਈ ’ਚ ਰਖਾਏ ਗਏ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਉਸ ਵੱਲੋਂ ਸੰਗਰੂਰ ’ਚ ਦੋ ਵੱਡੇ ਹਸਪਤਾਲ ਪੀਜੀਆਈ ਤੇ ਕੈਂਸਰ ਦਾ ਹਸਪਤਾਲ ਲਿਆ ਕੇ ਲੋਕਾਂ ਨੂੰ ਸਹੂਲਤ ਦਿਵਾਈ। ਕੈਂਸਰ ਹਸਪਤਾਲ ’ਚ ਟਾਟਾ ਤੇ ਬੰਬੇ ਦੇ ਡਾਕਟਰਾਂ ਵੱਲੋਂ 95 ਫੀਸਦੀ ਲੋਕਾਂ ਦਾ ਇਲਾਜ ਮੁਫ਼ਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰੀ ਸਕੂਲਾਂ ’ਚ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ, ਜਿਸ ਕਰਕੇ ਐਤਕੀ ਸਰਕਾਰੀ ਸਕੂਲਾਂ ’ਚ ਪਿਛਲੇ ਸਾਲ ਨਾਲੋਂ ਸਾਢੇ ਤਿੰਨ ਲੱਖ ਬੱਚੇ ਵੱਧ ਦਾਖਲ ਹੋਏ ਹਨ। ਉਨ੍ਹਾਂ ਦੱਸਿਆ ਕਿ ਦਿੜ੍ਹਬਾ ਦੀ ਅਨਾਜ ਮੰਡੀ ਦਾ ਫੜ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਿਹਾ ਹੈ ਤੇ 72 ਲੱਖ ਰੁਪਏ ਦੀ ਲਾਗਤ ਨਾਲ ਮੰਡੀ ਦੀ ਚਾਰ ਦਿਵਾਰੀ ਬਣ ਰਹੀ ਹੈ। ਦਿੜ੍ਹਬਾ ਦੀਆਂ ਸੜਕਾਂ 1 ਕਰੋੜ 42 ਲੱਖ ਦੀ ਲਾਗਤ ਨਾਲ ਮੁਰੰਮਤ ਹੋ ਕੇ ਤਿਆਰ ਹੋ ਚੁੱਕੀਆਂ ਹਨ ਤੇ ਹਲਕੇ ਦੀ ਕੋਈ ਸੜਕ ਟੁੱਟੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਗੀਤਾ ਭਵਨ ਤੇ ਦੋ ਗਊਸ਼ਾਲਾਵਾਂ ਲਈ 10 ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਸਤਨਾਮ ਸਿੰਘ ਸੱਤਾ ਨੇ ਸ੍ਰੀ ਸਿੰਗਲਾ ਵੱਲੋਂ ਦਿੜ੍ਹਬਾ ਦੇ ਵਿਕਾਸ ਕੰਮਾਂ ਲਈ ਦਿੱਤੀਆਂ ਗਰਾਂਟਾਂ ਲਈ ਧੰਨਵਾਦ ਕੀਤਾ।
ਸਮਾਗਮ ’ਚ ਜਗਦੇਵ ਗਾਗਾ ਕੋਮੀ ਆਗੂ ਯੂਥ ਕਾਂਗਰਸ ਤੇ ਇੰਚਾਰਜ ਹਿਮਾਚਲ ਪ੍ਰਦੇਸ਼, ਬਲਵੀਰ ਸਿੰਘ ਖਾਨਪੁਰ, ਜਸਪਾਲ ਜੱਸੀ, ਜਗਸੀਰ ਸਿੰਘ ਖਨਾਲਕਲਾਂ, ਕਲਭੂਸਨ ਗੋਇਲ, ਚੇਅਰਮੈਨ ਗੁਰਬੰਸ ਲਾਡੀ, ਰਾਮ ਸਿੰਘ ਕਾਕੂਵਾਲਾ, ਜਗਤਾਰ ਸਿੰਘ ਸਮਰਾ, ਪਰਮਜੀਤ ਸਿੰਘ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਅਮਰੀਕ ਸਿੰਘ ਘਨੋੜ ਜੱਟਾਂ, ਮੇਜਰ ਸਿੰਘ ਗੁੱਜਰਾਂ, ਗੁਰਜਿੰਦਰ ਸੂਲਰ, ਹਰਪ੍ਰੀਤ ਤੂਰਬੰਨਜਾਰਾ, ਮਲਕੀਤ ਨਾਗਰੀ, ਕਰਮਜੀਤ ਸਫੀਪੁਰਖੁਰਦ (ਸਾਰੇ ਸਰਪੰਚ) ਆਦਿ ਹਾਜ਼ਰ ਸਨ।