ਸਰਬਜੀਤ ਸਿੰਘ ਭੰਗੂ/ ਗੁਰਦੀਪ ਸਿੰਘ ਲਾਲੀ
ਪਟਿਆਲਾ/ ਸੰਗਰੂਰ, 23 ਸਤੰਬਰ
ਅੱਜ ਪਏ ਭਾਰੀ ਮੀਂਹ ਨੇ ਜਿਥੇ ਸ਼ਾਹੀ ਸ਼ਹਿਰ ਵਿੱਚ ਜਲਥਲ ਕਰ ਦਿੱਤਾ ਉਥੇ ਇਸ ਨਾਲ ਜਨਜੀਵਨ ਵੀ ਪ੍ਰਭਾਵਿਤ ਹੋਇਆ। ਸ਼ਹਿਰ ਦੀਆਂ ਕਈ ਮੁੱਖ ਸੜਕਾਂ ਸਮੇਤ ਨੀਵੀਂਆਂ ਥਾਵਾਂ ’ਤੇ ਪਾਣੀ ਭਰਿਆ। ਰਾਜਿੰਦਰਾ ਹਸਪਤਾਲ ਵਾਲੀ ਪਾਰਕਿੰਗ, ਬੇਅੰਤ ਸਿੰਘ ਸ਼ਾਪਿੰਗ ਕੰਪਲੈਕਸ ਨੇੜਲੇ ਪਾਰਕ ਸਮੇਤ ਅਨੇਕਾਂ ਹੋਰਨਾ ਥਾਵਾਂ ’ਤੇ ਪਾਣੀ ਭਰਿਆ ਹੋਇਆ ਸੀ। ਭਾਵੇਂ ਨਗਰ ਨਿਗਮ ਵੱਲੋਂ ਪਾਣੀ ਦੀ ਨਿਕਾਸੀ ਲਈ ਚੋਖੇ ਫੰਡ ਖਰਚੇ ਗਏ ਹਨ, ਪਰ ਸ਼ਹਿਰ ਵਿਚੋਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਅਜੇ ਵੀ ਮੁਕੰਮਲ ਤੌਰ ’ਤੇ ਖ਼ਤਮ ਨਹੀਂ ਹੋਈ। ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਕਈ ਥਾਵਾਂ ’ਤੇ ਵਾਹਨ ਪਾਣੀ ਵਿੱਚ ਫਸੇ ਦੇਖੇ ਗਏ। ਪੈਦਲ ਚੱਲਣ ਵਾਲਿਆਂ ਨੂੰ ਪਾਣੀ ਜਮ੍ਹਾ ਹੋਣ ਕਾਰਨ ਭਾਰੀ ਔਖ ਹੋਈ। ਸੰਗਰੂਰ ਸ਼ਹਿਰ ਵਿੱਚ ਵੀ ਲੋਕਾਂ ਨੂੰ ਮੀਂਹ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੀਂਹ ਪੱਕਣ ’ਤੇ ਆਈ ਝੋਨੇ ਦੀ ਫਸਲ ਲਈ ਨੁਕਸਾਨਦੇਹ ਦੱਸਿਆ ਜਾ ਰਿਹਾ ਹੈ। ਇਸ ਕਾਰਨ ਕਿਸਾਨਾਂ ਦੀ ਚਿੰਤਾ ਵੀ ਵਧ ਗਈ ਹੈ। ਅੱਜ ਸੰਗਰੂਰ ’ਚ 10.6 ਐਮ.ਐਮ ਬਾਰਸ਼ ਰਿਕਾਰਡ ਕੀਤੀ ਗਈ। ਪਿਛਲੇ ਦੋ ਦਿਨਾਂ ਤੋਂ ਆਸਮਾਨ ਵਿਚ ਛਾਈਆਂ ਕਾਲੀਆਂ ਘਟਾਵਾਂ ਅਤੇ ਰੁਕ-ਰੁਕ ਕੇ ਹੋ ਰਹੀ ਤੇਜ਼ ਬਾਰਸ਼ ਨੇ ਸਥਾਨਕ ਸ਼ਹਿਰ ਵਿੱਚ ਜਲਥਲ ਕਰ ਦਿੱਤਾ ਹੈ। ਸ਼ਹਿਰ ’ਚ ਕਈ ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਧੂਰੀ ਦੇ ਗੇਟ ਬਾਜ਼ਾਰ ਵਿੱਚ ਸੜਕ ’ਤੇ ਕਈ ਫੁੱਟ ਪਾਣੀ ਜਮ੍ਹਾਂ ਸੀ। ਦੋ ਪਹੀਆ ਵਾਹਨ ਚਾਲਕਾਂ ਅਤੇ ਪੈਦਲ ਚੱਲ ਕੇ ਬਾਜ਼ਾਰ ਜਾਣ ਵਾਲਿਆਂ ਨੂੰ ਗੋਡੇ-ਗੋਡੇ ਪਾਣੀ ’ਚੋ ਗੁਜ਼ਰਨਾ ਪਿਆ। ਕਈ ਕਲੋਨੀਆਂ ਦੀਆਂ ਗਲੀਆਂ ਵੀ ਜਲਥਲ ਹੋ ਗਈਆਂ ਅਤੇ ਲੋਕਾਂ ਨੂੰ ਘਰਾਂ ’ਚੋ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ। ਕਲੱਬ ਰੋਡ, ਐਸਡੀਐਮ ਕੰਪਲੈਕਸ, ਭਗਤ ਨਾਮਦੇਵ ਚੌਂਕ, ਸਿਵਲ ਹਸਪਤਾਲ ਕੰਪਲੈਕਸ, ਨਾਭਾ ਗੇਟ ਆਦਿ ਵੱਖ-ਵੱਖ ਥਾਵਾਂ ’ਤੇ ਪਾਣੀ ਭਰਨ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਜੇਪੀਐਸ ਗਰੇਵਾਲ ਨੇ ਮੀਂਹ ਨੂੰ ਝੋਨੇ ਸਮੇਤ ਸਬਜ਼ੀਆਂ ਦੀਆਂ ਫਸਲਾਂ ਲਈ ਨੁਕਸਾਨਦਾਇਕ ਕਰਾਰ ਦਿੱਤਾ ਹੈ। ਇਨ੍ਹੀਂ ਦਿਨੀਂ ਝੋਨੇ ਦੀ ਫਸਲ ’ਚ ਦਾਣਾ ਬਣਦਾ ਹੈ ਜਿਸ ਦਾ ਮੀਂਹ ਕਾਰਨ ਝੜਨ ਦੀ ਸੰਭਾਵਨਾ ਵਧੇਰੇ ਰਹਿੰਦੀ ਹੈ। ਇਸ ਦਾ ਫਸਲ ਦੇ ਝਾੜ ਉਪਰ ਮਾੜਾ ਅਸਰ ਪਏਗਾ।