ਰਮੇਸ਼ ਭਾਰਦਵਾਜ
ਲਹਿਰਗਾਗਾ, 4 ਮਈ
ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਦਿਆਲਪੁਰਾ (ਸੰਗਤੀਵਾਲਾ) ਵੱਲੋਂ ਅੱਜ ਪੁਨਰਗਠਨ ਖ਼ਿਲਾਫ਼ ਅਤੇ ਤਨਖਾਹਾਂ ਜਾਰੀ ਨਾ ਕਰਨ ਦੇ ਰੋਸ ਵਜੋਂ ਮੰਗ ਪੱਤਰ ਉੱਪ ਮੰਡਲ ਅਫ਼ਸਰ ਦਿਆਲਪੁਰਾ ਰਾਹੀਂ ਪੰਜਾਬ ਸਰਕਾਰ ਤੇ ਅਧਿਕਾਰੀਆਂ ਨੂੰ ਭੇਜਿਆ। ਜਥੇਬੰਦੀ ਦੇ ਆਗੂਆਂ ਅਵਤਾਰ ਸਿੰਘ ਲਹਿਰਾਗਾਗਾ, ਦਰਸ਼ਨ ਰੋਗਲਾ, ਮਨਜੀਤ ਸਿੰਘ ਤੇ ਬਲਦੇਵ ਸਿੰਘ ਢੰਡੋਲੀ ਨੇ ਕਿਹਾ ਕਿ ਪਿਛਲੇ ਸਾਲ ਸਰਕਾਰ ਵੱਲੋਂ ਪੁਨਰਗਠਨ ਕਰ ਕੇ ਲਗਪਗ 9,000 ਪੋਸਟ ਜਲ ਸਰੋਤ ਵਿਭਾਗ ਦੀ ਖਤਮ ਕਰ ਦਿੱਤੀ, ਜਿਸ ਕਾਰਨ ਜਲ ਸਰੋਤ ਕਾਮਿਆਂ ਵਿਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ। ਮਾਰਚ ਮਹੀਨੇ ਦੀਆਂ ਤਨਖਾਹਾਂ ਵੀ ਅਜੇ ਤੱਕ ਜਾਰੀ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਦੇ ਉਲੀਕੇ ਪ੍ਰੋਗਰਾਮਾਂ ਤਹਿਤ ਅੱਜ ਦਿਆਲਪੁਰਾ ਸਬ ਡਿਵੀਜ਼ਨ ਨਾਲ ਸਬੰਧਤ ਮੁਲਾਜ਼ਮਾਂ ਵੱਲੋਂ ਇਕੱਠੇ ਹੋ ਕੇ ਉਪ ਮੰਡਲ ਅਫਸਰ ਰਾਹੀਂ ਸੂਬਾ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਪੁਨਰਗਠਨ ਦੀ ਇਸ ਪ੍ਰਕਿਰਿਆ ਨੂੰ ਰੱਦ ਕੀਤਾ ਜਾਵੇ ਤੇ ਕਰਮਚਾਰੀਆਂ ਦੀਆਂ ਰਹਿੰਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ।