ਧੂਰੀ (ਹਰਦੀਪ ਸਿੰਘ ਸੋਢੀ): ਇਲਾਕੇ ਵਿੱਚ ਕੱਲ੍ਹ ਤੋਂ ਹੀ ਰੁਕ-ਰੁਕ ਕੇ ਹੋ ਰਹੀ ਬਰਸਾਤ ਨੇ ਧੂਰੀ ਦੇ ਨਿਕਾਸੀ ਕੰਮ ਦੀ ਪੋਲ ਖੋਲ੍ਹ ਦਿੱਤੀ। ਅੱਜ ਦੀ ਭਾਰੀ ਬਰਸਾਤ ਤੋਂ ਬਾਅਦ ਸਾਰਾ ਸ਼ਹਿਰ ਜਲ-ਥਲ ਹੋ ਗਿਆ ਤੇ ਲੋਕਾਂ ਦੇ ਘਰਾਂ ਅੰਦਰ ਪਾਣੀ ਵੜ ਗਿਆ। ਨਗਰ ਕੌਂਸਲ ਦਫਤਰ ਦੇ ਬਾਹਰ ਪਾਣੀ ਖੜ੍ਹਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਹਾਲਾਂਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਸ਼ਹਿਰ ਦੇ ਅਨੇਕਾਂ ਮੁਹੱਲਿਆਂ ’ਚ ਨਾਲੀਆਂ ਨੂੰ ਅੰਡਰ ਗਰਾਊਂਡ ਕਰਵਾਇਆ ਗਿਆ ਸੀ ਅਤੇ ਸ਼ਹਿਰ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਸਿਸਟਮ ਪੁਆਇਆ ਗਿਆ ਸੀ ਇਸ ਦੇ ਬਾਵਜੂਦ ਨਗਰ ਕੌਂਸਲ ਦਫਤਰ ਵਾਲੀ ਰੋਡ, ਸ਼ਹਿਰ ਦੇ ਸ਼ਿਵਪੁਰੀ ਮੁਹੱਲਾ, ਜਨਤਾ ਨਗਰ, ਮਾਲੇਰਕੋਟਲਾ ਰੋਡ, 50 ਫੁੱਟੀ ਸੜਕ, ਕਰਾਂਤੀ ਚੌਕ ਸਮੇਤ ਅਨੇਕਾਂ ਮੁਹੱਲਿਆਂ ’ਚ ਪਾਣੀ ਖੜ੍ਹਾ ਰਿਹਾ। ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਪਏ ਹੋਏ ਟੋਇਆਂ ਕਾਰਨ ਜਿੱਥੇ ਕਈ ਵਾਹਨ ਚਾਲਕ ਵਾਲ-ਵਾਲ ਬੱਚਦੇ ਨਜ਼ਰ ਆਏ, ਉਥੇ ਹੀ ਇੱਕਾ-ਦੁੱਕਾ ਵਾਹਨ ਚਾਲਕਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ। ਲੋਕਾਂ ਦੀ ਮੰਗ ਹੈ ਕਿ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕੀਤਾ ਜਾਵੇ ਅਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ। ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਸ਼ਵਨੀ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ ਅਤੇ ਜਲਦ ਹੀ ਹੋਰ ਸਮੱਸਿਆਵਾਂ ਦਾ ਵੀ ਹੱਲ ਕੀਤਾ ਜਾਵੇਗਾ।