ਮੇਜਰ ਸਿੰਘ ਮੱਟਰਾਂ
ਭਵਾਨੀਗੜ, 4 ਅਗਸਤ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪਿੰਡ ਖੇੜੀ ਗਿੱਲਾਂ ਵਿਖੇ ਪਲਾਟਾਂ ਵਾਲੀ ਜ਼ਮੀਨ ਵਿੱਚ ਚੇਤਾਵਨੀ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ ਅਤੇ ਪ੍ਰਗਟ ਸਿੰਘ ਕਾਲਾਝਾੜ ਨੇ ਕਿਹਾ ਕਿ ਪੰਜ ਪੰਜ ਮਰਲਿਆਂ ਦੇ ਪਲਾਟਾਂ ਦਾ ਕਬਜ਼ਾ ਲੈਣ ਲਈ ਦਿਨ ਰਾਤ ਦੇ ਪੱਕਾ ਮੋਰਚਾ ਅੱਜ ਸੋਲ੍ਹਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਉੁਨ੍ਹਾਂ ਦੱਸਿਆ ਕਿ ਅੱਜ ਪੰਜਾਬ ਸਰਕਾਰ ਖਿਲਾਫ ਚੇਤਾਵਨੀ ਰੈਲੀ ਕਰਨ ਉਪਰੰਤ ਕਾਲਾਝਾੜ ਵਿਖੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਜਾਮ ਕੀਤਾ ਜਾਣਾ ਸੀ। ਪਰ ਹਾਲਾਤ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਐੱਸਡੀਐੱਮ ਭਵਾਨੀਗੜ੍ਹ ਵਿਨੀਤ ਕੁਮਾਰ, ਡੀਐਸਪੀ ਮੋਹਿਤ ਅਗਰਵਾਲ ਅਤੇ ਬੀਡੀਪੀਓ ਮਨਜੀਤ ਸਿੰਘ ਢੀਂਡਸਾ ਨਾਲ ਭਵਾਨੀਗੜ੍ਹ ਵਿਖੇ ਐਸਡੀਐਮ ਦਫਤਰ ਵਿਖੇ ਮੀਟਿੰਗ ਸੱਦੀ ਗਈ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਸਲੇ ਦਾ ਫੌਰੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਉਪਰੰਤ ਰੈਲੀ ਵਿੱਚ ਬੀਡੀਪੀਓ ਮਨਜੀਤ ਸਿੰਘ ਢੀਂਡਸਾ ਅਤੇ ਪੰਚਾਇਤ ਅਫਸਰ ਕਰਮਜੀਤ ਸਿੰਘ ਨੇ ਕਿਹਾ ਕਿ 10 ਅਗਸਤ ਨੂੰ ਖੇੜੀ ਗਿੱਲਾਂ ਵਿਖੇ ਪੰਜ ਪੰਜ ਮਰਲਿਆਂ ਦੇ ਪਲਾਟਾਂ ਦਾ ਕਬਜ਼ਾ ਕਰਵਾ ਦਿੱਤਾ ਜਾਵੇਗਾ ਅਤੇ ਪਿੰਡ ਮਸਾਣੀ ਵਿੱਚ ਦੋ ਦਿਨਾਂ ਵਿੱਚ ਕਲੀ ਪਵਾ ਕਿ ਖੇਤ ਮਜ਼ਦੂਰਾਂ ਨੂੰ ਪਲਾਟਾਂ ਦਾ ਕਬਜ਼ਾ ਦਿੱਤਾ ਜਾਵੇਗਾ। ਚੇਤਾਵਨੀ ਰੈਲੀ ਵਿੱਚ ਐਲਾਨ ਕੀਤਾ ਗਿਆ ਕਿ ਜੇ ਪ੍ਰਸ਼ਾਸਨ ਤਹਿ ਹੋਈ ਗੱਲ ਤੋਂ ਮੁਕਰਿਆ ਤਾਂ 10 ਅਗਸਤ ਨੂੰ ਪਲਾਟਾਂ ’ਤੇ ਕਬਜ਼ਾ ਕੀਤਾ ਜਾਵੇਗਾ। ਆਗੂਆਂ ਨੇ ਅੱਗੇ ਕਿਹਾ ਕਿ ਜਦੋਂ ਤੱਕ ਪਲਾਟਾਂ ਦਾ ਕਬਜ਼ਾ ਨਹੀਂ ਮਿਲਦਾ, ਉਦੋਂ ਤੱਕ ਪਲਾਟਾਂ ਵਾਲੀ ਜ਼ਮੀਨ ਵਿੱਚ ਦਿਨ ਰਾਤ ਦਾ ਪੱਕਾ ਮੋਰਚਾ ਜਾਰੀ ਰਹੇਗਾ। ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਆਗੂ ਜਰਨੈਲ ਸਿੰਘ ਕਾਲੇਕੇ ਤੇ ਬਲਾਕ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਇਕਾਈ ਆਗੂ ਬੂਟਾ ਸਿੰਘ ਗੁੱਜਰਾਂ, ਤਰਸੇਮ ਸਿੰਘ ਭੀਮਾਂ ਖੇੜੀ, ਜਰਨੈਲ ਸਿੰਘ ਸਦਰਪੁਰਾ,ਮੱਖਣ ਸਿੰਘ ਭਰਾਜ, ਜਗਤਾਰ ਸਿੰਘ ਖੇੜੀ ਗਿੱਲਾਂ, ਸੂਖਚੈਨ ਸਿੰਘ ਮਸਾਣੀ, ਚਮਕੌਰ ਸਿੰਘ ਕੁਲਬੁਰਛਾਂ, ਹੈਪੀ ਸਿੰਘ ਖੇੜੀ ਗਿੱਲਾਂ ਨੇ ਵੀ ਸੰਬੋਧਨ ਕੀਤਾ।