ਹਰਦੀਪ ਸਿੰਘ ਸੋਢੀ
ਧੂਰੀ, 12 ਫਰਵਰੀ
ਵਿਧਾਇਕ ਤੇ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਵੱਲੋਂ ਕਈ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਦੇ ਲੋਕ ਉਨ੍ਹਾਂ ਵੱਲੋਂ ਪੰਜ ਸਾਲਾਂ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਅੱਗੇ ਰੱਖ ਕੇ ਆਪਣਾ ਵੋਟ ਕਾਂਗਰਸ ਪਾਰਟੀ ਨੂੰ ਦੇਣ।
ਉਨ੍ਹਾਂ ਕਿਹਾ ਕਿ ‘ਆਪ’ ਕੋਲ ਲਾਰਿਆਂ ਦੀ ਸਿਆਸਤ ਤੋਂ ਬਗੈਰ ਕੁਝ ਵੀ ਨਹੀਂ ਜਦੋਂ ਕਿ ਕਾਂਗਰਸ ਪਾਰਟੀ ਕੋਲ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਨੂੰ ਅੱਗੇ ਵਧਾਉਣ ਲਈ ਠੋਸ ਨੀਤੀ ਹੈ। ਉਨ੍ਹਾਂ ਕਿਹਾ ਕਿ 13 ਫਰਵਰੀ ਨੂੰ ਪ੍ਰਿਯੰਕਾ ਗਾਂਧੀ ਵਾਡਰਾ ਜੋ ਧੂਰੀ ਅੰਦਰ ਕਾਂਗਰਸ ਪਾਰਟੀ ਲਈ ਪ੍ਰਚਾਰ ਕਰਨ ਲਈ ਆ ਰਹੇ ਹਨ, ਨਾਲ ਪੂਰੇ ਪੰਜਾਬ ਦੀ ਸਿਆਸੀ ਹਵਾ ਬਦਲੇਗੀ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਮੋਦੀ ਸਰਕਾਰ ਤੇ ਦਿੱਲੀ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਮਹਿੰਗਾਈ ਦੀ ਅਸਲੀਅਤ ਤੋਂ ਜਾਣੂ ਕਰਵਾਇਆ ਜਾਵੇਗਾ।
ਇਸ ਤੋਂ ਪਹਿਲਾਂ ਇਕ ਸਮਾਗਮ ਦੌਰਾਨ ਮਾਨਾਂ ਪਿੰਡ ਵਿੱਚ ਇਕ ਦਰਜਨ ਤੋਂ ਵੱਧ ਪਰਿਵਾਰਾਂ ਨੇ ਕਾਂਗਰਸ ਵਿੱਚ ਸ਼ਾਮਲ ਹੋ ਕੇ ਦਲਵੀਰ ਸਿੰਘ ਗੋਲਡੀ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ। ਕਾਂਗਰਸ ਉਮੀਦਵਾਰ ਗੋਲਡੀ ਲਈ ਹਨੀ ਤੂਰ, ਮੁਨੀਸ਼ ਕੁਮਾਰ ਗਰਗ ਤੋਂ ਇਲਾਵਾ ਗੋਲਡੀ ਦੀ ਪਤਨੀ ਸਿਮਰਤ ਕੌਰ ਖੰਗੂੜਾ ਨੇ ਅਪਣੇ ਪਤੀ ਲਈ ਚੋਣ ਪ੍ਰਚਾਰ ਕੀਤਾ।
ਕਿਸਾਨਾਂ ਨੇ ਬੀਬੀ ਘਨੌਰੀ ਨੂੰ ਕੀਤੇ ਤਿੱਖੇ ਸੁਆਲ
ਸ਼ੇਰਪੁਰ (ਪੱਤਰ ਪ੍ਰੇਰਕ): ਹਲਕਾ ਮਹਿਲ ਕਲਾਂ ਰਾਖਵਾਂ ਤੋਂ ਕਾਂਗਰਸੀ ਉਮੀਦਵਾਰ ਹਰਚੰਦ ਕੌਰ ਘਨੌਰੀ ਨੂੰ ਪਿੰਡ ਫਤਿਹਗੜ੍ਹ ਪੰਜਗਰਾਈਆਂ ਦੇ ਵੱਡੇ ਦਰਵਾਜ਼ੇ ਬੀਕੇਯੂ ਏਕਤਾ ਉਗਰਾਹਾਂ ਦੇ ਸਕੱਤਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਇਕੱਤਰ ਆਗੂਆਂ ਨੇ ਤਿੱਖੇ ਸੁਆਲ ਕੀਤੇ। ਸਕੱਤਰ ਕੁਲਵੰਤ ਸਿੰਘ ਤੇ ਆਗੂ ਈਸ਼ਰਪਾਲ ਸਿੰਘ ਪੰਜਗਰਾਈਆ ਨੇ ਕਾਂਗਰਸ ਦੇ ਕਾਰਜਕਾਲ ਦੌਰਾਨ ਹੋਈਆਂ ਬੇਅਦਬੀਆਂ, ਕਰਜ਼ ਮੁਆਫ਼ੀ ਦੇ ਕੀਤੇ ਵਾਅਦੇ ਅਤੇ ਨਸ਼ਿਆਂ ਨੂੰ ਦੀ ਸਪਲਾਈ ਲਾਈਨ ਤੋੜੇ ਜਾਣ ਸਬੰਧੀ ਹੁਕਮਰਾਨ ਧਿਰ ਦੀ ਕਾਰਗੁਜ਼ਾਰੀ ਦਾ ਜਵਾਬ ਮੰਗਿਆ। ਆਗੂਆਂ ਨੇ ਕਿਹਾ ਕਿ ਬੀਬੀ ਘਨੌਰੀ ਤਸੱਲੀਬਖਸ਼ ਜਵਾਬ ਨਾ ਦੇ ਸਕੇ।