ਰਮੇਸ਼ ਭਾਰਦਵਾਜ
ਲਹਿਰਾਗਾਗਾ, 19 ਅਕਤੂਬਰ
ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਾਰਪੋਰੇਟ ਸੈਕਟਰ ਦੇ ਰਿਲਾਇੰਸ ਪੰਪ ਅੱਗੇ 382ਵੇਂ ਦਿਨ ਵੀ ਕਿਸਾਨੀ ਮੋਰਚਾ ਜਾਰੀ ਰਿਹਾ। ਅੱਜ ਦੇ ਮੋਰਚੇ ਵਿੱਚ ਕਿਸਾਨਾਂ ਨੇ 1121 ਬਾਸਮਤੀ ਅਤੇ ਮੁੱਛਲ ਝੋਨੇ ਦਾ ਝਾੜ ਘੱਟ ਨਿਕਲਣ ਦਾ ਮੁੱਦਾ ਉਠਾਇਆ। ਜਥੇਬੰਦੀ ਨੇ ਇਸ ਮਸਲੇ ’ਤੇ ਐੱਸਡੀਐੱਮ ਨਵਨੀਤ ਕੌਰ ਸੇਖੋਂ ਨੂੰ ਮੰਗ ਪੱਤਰ ਦੇ ਕੇ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਲਈ ਆਖਿਆ। ਬਾਲਕ ਦੇ ਜਰਨਲ ਸਕੱਤਰ ਬਹਾਦਰ ਸਿੰਘ ਭੁਟਾਲ ਖੁਰਦ ਨੇ ਕਿਹਾ ਕਿ ਇਸ ਵਾਰ 1121 ਅਤੇ ਮੁੱਛਲ ਜੀਰੀ ਦੀਆਂ ਕਿਸਮਾਂ ਦੇ ਘੱਟ ਨਿਕਲੇ ਝਾੜ ਨੇ ਕਿਸਾਨਾਂ ਨੂੰ ਮਾਂਜ ਕੇ ਰੱਖ ਦਿੱਤਾ ਹੈ। ਇਹ ਸਭ ਖੇਤੀ ਮੋਟਰਾਂ ਦੀ ਦਿੱਤੀ ਘੱਟ ਬਿਜਲੀ ਸਪਲਾਈ ਕਰਕੇ ਹੋਇਆ ਹੈ, ਜਿਸ ਲਈ ਸਰਕਾਰ ਜ਼ਿੰਮੇਵਾਰ ਹੈ।
ਧੂਰੀ (ਹਰਦੀਪ ਸਿੰਘ ਸੋਢੀ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੱਡਾ ਟੌਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਇਆ ਪੱਕਾ ਧਰਨਾ ਰਾਮ ਸਿੰਘ ਕੱਕੜਵਾਲ ਦੀ ਅਗਵਾਈ ਹੇਠ 381ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਆਗੂਆਂ ਨੇ ਰੇਲ ਰੋਕੋ ਅੰਦੋਲਨ ਵਿੱਚ ਸਹਿਯੋਗ ਦੇੇਣ ਵਾਲੇ ਕਿਸਾਨਾਂ ਦਾ ਧੰਨਵਾਦ ਕੀਤਾ।
ਕਿਸਾਨਾਂ ਦਾ ਕਾਫ਼ਲਾ ਦਿੱਲੀ ਰਵਾਨਾ
ਘਨੌਰ (ਪੱਤਰ ਪ੍ਰੇਰਕ): ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਆਰੰਭੇ ਗਏ ਕਿਸਾਨ ਅੰਦੋਲਨ ਦੀ ਮਜ਼ਬੂਤੀ ਲਈ ਕਿਸਾਨ ਆਗੂ ਸੰਤ ਜੈ ਸਿੰਘ, ਜਸਪਾਲ ਸਿੰਘ ਦੀ ਅਗਵਾਈ ਵਿੱਚ ਪਿੰਡ ਹਰਪਾਲਪੁਰ ਵਾਸੀ ਵੀਰ ਸਿੰਘ ਤੇ ਨਾਤਾ ਸਿੰਘ ’ਤੇ ਅਧਾਰਿਤ 51ਵਾਂ ਕਾਫਲਾ ਇਥੋਂ ਦੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਨ ਉਪਰੰਤ ਸਿੰਘੂ ਬਾਰਡਰ ਲਈ ਰਵਾਨਾ ਹੋਇਆ।