ਬੀਰਬਲ ਰਿਸ਼ੀ
ਸ਼ੇਰਪੁਰ, 11 ਫਰਵਰੀ
ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਵਿਕਾਸ ਦੇ ਨਾਮ ’ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ ਪਰ ਹੈਰਾਨੀਜਨਕ ਹੈ ਕਿ ਦੇਸ਼ ਦੀ ਆਜ਼ਾਦੀ ਦੇ 74 ਵਰ੍ਹੇ ਬਾਅਦ ਵੀ ਹਲਕਾ ਮਹਿਲ ਕਲਾਂ ਦਾ ਕਾਲਾਬੂਲਾ ਅਜਿਹਾ ਪਿੰਡ ਹੈ ਜਿੱਥੇ ਸੜਕ ਤਾਂ ਹੈ ਪਰ ਪਿੰਡ ਵਿੱਚੋਂ ਦੀ ਕੋਈ ਸਰਕਾਰੀ ਜਾਂ ਗੈਰ-ਸਰਕਾਰੀ ਬੱਸ ਨਹੀਂ ਲੰਘਦੀ। ਕਈ ਦਹਾਕਿਆਂ ਤੋਂ ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਚੱਲਦਾ ਆ ਰਿਹਾ ਹੈ ਪਰ ਕਾਂਗਰਸ ਸਰਕਾਰ ਨੇ ਇਸ ਵਾਰ ਸੂਬੇ ਅੰਦਰ ਧੜਾ-ਧੜ ਸਕੂਲਾਂ ਦੇ ਦਰਜੇ ਵਧਾਏ ਪਰ ਕਾਲਾਬੂਲਾ ਵਾਸੀ ਪਿੰਡ ’ਚ ਮਿਡਲ ਸਕੂਲ ਬਣਾਏ ਜਾਣ ਨੂੰ ਵੀ ਤਰਸ ਰਹੇ ਹਨ।
ਪਿੰਡ ਦੇ ਸਰਪੰਚ ਸੁਖਦੇਵ ਸਿੰਘ ਬਿੰਨੜ ਨੇ ਦੱਸਿਆ ਕਿ ਸਭ ਤੋਂ ਵੱਡੀ ਮੰਗ ਪਿੰਡ ਦੇ ਸਕੂਲ ਨੂੰ ਅਪਗਰੇਡ ਕਰਵਾਉਣ ਦੀ ਸੀ, ਇਸ ਸਬੰਧੀ ਕਈ ਮਤੇ ਪਾਏ ਗਏ, ਇਸ ਦੇ ਬਾਵਜੂਦ ਲੋਕਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ। ਪਿੰਡ ਦੇ ਬੱਚਿਆਂ ਨੂੰ ਪੰਜਵੀਂ ਤੋਂ ਬਾਅਦ ਦੀਦਾਰਗੜ੍ਹ ਜਾਂ ਸ਼ੇਰਪੁਰ ਦੇ ਸਰਕਾਰੀ ਸਕੂਲਾਂ ਵਿੱਚ ਜਾਣਾ ਪੈਂਦਾ ਹੈ ਅਤੇ ਬੱਸਾਂ ਦੀ ਸਮੱਸਿਆ ਹੋਣ ਕਾਰਨ ਇਹ ਬੱਚੇ ਛੋਟੀ ਉਮਰੇ ਸਕੂਲਾਂ ਨੂੰ ਸਾਈਕਲਾਂ ’ਤੇ ਜਾਂਦੇ ਹਨ ਜਾਂ ਫਿਰ ਡੇਢ ਕਿੱਲੋਮੀਟਰ ਅੱਗੇ ਈਨਾਬਾਜਵਾ ਟੀ ਪੁਆਇੰਟ ਤੋਂ ਬੱਸ ਚੜ੍ਹਨਾ ਪੈਂਦਾ ਹੈ। ਪਿੰਡ ਵਿੱਚ ਪਸ਼ੂ ਹਸਪਤਾਲ ਨਹੀਂ ਜਿਸ ਕਰਕੇ ਲੋਕਾਂ ਨੂੰ ਪ੍ਰਾਈਵੇਟ ਡਾਕਟਰਾਂ ਤੋਂ ਮਹਿੰਗੇ ਭਾਅ ਪਸ਼ੂਆਂ ਦਾ ਇਲਾਜ ਕਰਵਾਉਣਾ ਪੈਂਦਾ ਹੈ।
ਇਸੇ ਤਰ੍ਹਾਂ ਪਿੰਡ ਵਿੱਚ ਡਿਸਪੈਂਸਰੀ ਲਈ ਜਗ੍ਹਾ ਹੈ ਪਰ ਲੋਕਾਂ ਨੂੰ ਸਿਹਤ ਸਹੂਲਤਾਂ ਤੋਂ ਵੀ ਵਾਂਝੇ ਰੱਖਿਆ ਗਿਆ ਹੈ। ਬਿੰਨੜ ਅਨੁਸਾਰ ਪਿੰਡ ਵਿੱਚ ਖਰੀਦ ਕੇਂਦਰ ਨਾ ਹੋਣ ਕਾਰਨ ਜ਼ਿਆਦਾਤਰ ਕਿਸਾਨ ਆਪਣੀ ਫਸਲ ਇੱਥੋਂ ਤਕਰੀਬਨ ਤਿੰਨ ਕਿੱਲੋਮੀਟਰ ਦੂਰ ਕਾਤਰੋਂ ਨੂੰ ਕੱਚੇ ਰਸਤੇ ਰਾਹੀਂ ਲਿਜਾਂਦੇ ਹਨ ਪਰ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਇਹ ਟੋਟਾ ਸੜਕ ਦਾ ਨਹੀਂ ਬਣਾਇਆ ਗਿਆ।
ਇਸ ਤੋਂ ਇਲਾਵਾ ਕਾਲਾਬੂਲਾ-ਘਨੌਰੀ ਕਲਾਂ ਮੁੱਖ ਸੜਕ ਤੋਂ ਤਕਰੀਬਨ ਦੋ ਕੁ ਕਿੱਲੋਮੀਟਰ ਘਨੌਰੀ ਖੁਰਦ ਤੱਕ ਕੱਚਾ ਰਸਤਾ ਹੈ ਜਿਸ ਨੂੰ ਸੜਕ ਦਾ ਰੂਪ ਨਹੀਂ ਦਿੱਤਾ ਗਿਆ।
ਸਾਬਕਾ ਚੇਅਰਮੈਨ ਜਸਦੇਵ ਸਿੰਘ ਕਾਲਾਬੂਲਾ ਨੇ ਦੱਸਿਆ ਕਿ ਪਿੰਡ ਵਿੱਚੋਂ ਪਾਣੀ ਦੀ ਨਿਕਾਸੀ ਦਾ ਕੋਈ ਪੱਕਾ ਪ੍ਰਬੰਧ ਨਹੀਂ। ਪਿੰਡ ਦੇ ਤਿੰਨ ਟੋਭੇ ਹਨ ਜਿਨ੍ਹਾਂ ਵਿੱਚ ਪਿੰਡ ਦਾ ਪਾਣੀ ਵੰਡ ਕੇ ਪਾਇਆ ਜਾਣਾ ਚਾਹੀਦਾ ਹੈ। ਸਰਪੰਚ ਸੁਖਦੇਵ ਸਿੰਘ ਬਿੰਨੜ ਨੇ ਦਾਅਵਾ ਕੀਤਾ ਕਿ ਕਾਲਾਬੂਲਾ ਨੂੰ ਸਿਰਫ 14ਵੇਂ ਤੇ 15ਵੇਂ ਵਿੱਤ ਕਮਿਸ਼ਨ ਦੀ ਗਰਾਂਟ ਹੀ ਮਿਲੀ ਹੈ ਜਿਸ ਨਾਲ ਗਲੀਆਂ ਨਾਲੀਆਂ ਅਤੇ ਹੋਰ ਵਿਕਾਸ ਕਾਰਜ ਵਧੀਆ ਢੰਗ ਨਾਲ ਜ਼ਰੂਰ ਕਰਵਾਏ ਗਏ ਹਨ।