ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 26 ਜੂਨ
ਮਿਸ਼ਨ ਫ਼ਤਿਹ ਤਹਿਤ ਕੋਵਿਡ ਟੀਕਾਕਰਨ ਵਿੱਚ ਜ਼ਿਲ੍ਹੇ ‘ਚ ਮੋਹਰੀ ਰਹਿੰਦਿਆਂ ਸਬ ਡਿਵੀਜ਼ਨ ਸੰਗਰੂਰ ਦੇ ਪਿੰਡ ਦੇਹ ਕਲਾਂ ਨੇ ਅੱਜ ਆਪਣੀ 45 ਸਾਲ ਤੋਂ ਵੱਧ ਉਮਰ ਦੀ ਆਬਾਦੀ ਦਾ ਸੌ ਫ਼ੀਸਦੀ ਟੀਕਾਕਰਨ ਕਰਕੇ ਇੱਕ ਰਿਕਾਰਡ ਬਣਾਇਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਮਵੀਰ ਨੇ ਦਿੰਦਿਆਂ ਦੱਸਿਆ ਕਿ ਪਿੰਡ ਦੇਹ ਕਲਾਂ ਦੀ ਆਬਾਦੀ 849 ਹੈ, ਜਿਨ੍ਹਾਂ ਵਿਚੋਂ 245 ਵਸਨੀਕ 45 ਸਾਲ ਤੋਂ ਵਧੇਰੇ ਉਮਰ ਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ 45 ਸਾਲ ਤੋਂ ਵਧੇਰੇ ਉਮਰ ਦੇ ਸਾਰੇ ਯੋਗ ਵਿਅਕਤੀਆਂ ਨੂੰ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੇਹ ਕਲਾਂ ਪਿੰਡ ’ਚ ਵੀ ਸਿਹਤ ਵਿਭਾਗ ਤੇ ਐਸ.ਡੀ. ਐਮ. ਯਸ਼ ਪਾਲ ਸ਼ਰਮਾ ਦੇ ਯਤਨਾਂ ਦੇ ਨਾਲ-ਨਾਲ ‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਦੇ ਵਾਲੰਟੀਅਰਾਂ ਵੱਲੋਂ 100 ਫੀਸਦ ਟੀਕਾਕਰਨ ਲਈ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਪਿੰਡ ਦੀ ਪੰਚਾਇਤ ਵਿਸ਼ੇਸ਼ ਵਿਕਾਸ ਗਰਾਂਟ ਲਈ ਯੋਗ ਬਣਨ ਵਿਚ ਸਥਾਨਕ ਨਾਗਰਿਕ ਸੰਸਥਾਵਾਂ ਵਿੱਚ ਮੋਹਰੀ ਬਣ ਗਈ ਹੈ। ਜ਼ਿਕਰਯੋਗ ਹੈ ਕੈਪਟਨ ਅਮਰਿੰਦਰ ਸਿੰਘ ਦੁਆਰਾ ਐਲਾਨ ਕੀਤਾ ਗਿਆ ਹੈ ਕਿ ਸੰਪੂਰਨ ਕੋਵਿਡ ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰਨ ਵਾਲੇ ਪਿੰਡਾਂ ਦੀ ਪੰਚਾਇਤ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ।